ਸਕਾਟਲੈਂਡ ''ਚ 1 ਅਕਤੂਬਰ ਤੋਂ ਵੈਕਸੀਨ ਪਾਸਪੋਰਟ ਦੀ ਹੋਵੇਗੀ ਜ਼ਰੂਰਤ
Friday, Sep 10, 2021 - 10:59 PM (IST)
ਗਲਾਸਗੋ (ਮਨਦੀਪ ਖੁਰਮੀ ਖੁਰਮੀ)-ਸਕਾਟਲੈਂਡ ’ਚ ਕੋਰੋਨਾ ਟੀਕਾਕਰਨ ਦੇ ਸਬੂਤ ਵਜੋਂ ਸੰਸਦ ਮੈਂਬਰਾਂ ਵੱਲੋਂ ਇਸ ਯੋਜਨਾ ਦੇ ਪੱਖ ’ਚ ਵੋਟ ਪਾਉਣ ਤੋਂ ਬਾਅਦ ਅਗਲੇ ਮਹੀਨੇ ਤੋਂ ਸਕਾਟਲੈਂਡ ’ਚ ਨਾਈਟ ਕਲੱਬਾਂ ਅਤੇ ਵੱਡੇ ਸਮਾਗਮਾਂ, ਜਿਵੇਂ ਫੁੱਟਬਾਲ ਮੈਚਾਂ ਅਤੇ ਸੰਗੀਤ ਉਤਸਵਾਂ ਵਿੱਚ ਵੈਕਸੀਨ ਪਾਸਪੋਰਟਾਂ ਦੀ ਜ਼ਰੂਰਤ ਸ਼ੁਰੂ ਹੋ ਜਾਵੇਗੀ। ਇਸ ਯੋਜਨਾ ਦੇ ਤਹਿਤ ਲੋਕਾਂ ਨੂੰ ਉਪਰੋਕਤ ਸਥਾਨਾਂ ’ਚ ਦਾਖਲ ਹੋਣ ਲਈ ਕਿਊ ਆਰ ਕੋਡ ਵਾਲਾ ਵੈਕਸੀਨ ਪਾਸਪੋਰਟ ਜਾਂ ਇਸ ਦੀ ਫੋਟੋ ਕਾਪੀ ਦਿਖਾਉਣੀ ਹੋਵੇਗੀ, ਜੋ ਇੱਕ ਸਮਾਰਟਫੋਨ ਐਪ ਦੁਆਰਾ ਸਕੈਨ ਕੀਤੇ ਜਾ ਸਕਦੇ ਹਨ। ਇਹ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ, ਜੋ ਨਾਈਟ ਕਲੱਬਾਂ, 500 ਤੋਂ ਵੱਧ ਲੋਕਾਂ ਦੇ ਨਾਲ ਅੰਦਰਲੇ ਸਮਾਗਮਾਂ, 4,000 ਤੋਂ ਵੱਧ ਲੋਕਾਂ ਦੇ ਨਾਲ ਆਊਟਡੋਰ ਈਵੈਂਟਸ ਜਾਂ 10,000 ਤੋਂ ਵੱਧ ਹਾਜ਼ਰੀ ਵਾਲੇ ਕਿਸੇ ਵੀ ਤਰ੍ਹਾਂ ਦੇ ਈਵੈਂਟ 'ਚ ਸ਼ਾਮਲ ਹੋਣਾ ਚਾਹੁੰਦੇ ਹਨ। ਵੀਰਵਾਰ ਨੂੰ ਸੰਸਦ ਮੈਂਬਰਾਂ ਵੱਲੋਂ ਪਾਈ ਵੋਟ ਵੈਕਸੀਨ ਪਾਸਪੋਰਟਾਂ ਨੂੰ ਲਾਗੂ ਕਰਨ ਦੇ ਸਮਰਥਨ ’ਚ ਇੱਕ ਮਤੇ ਨੂੰ ਪਾਸ ਕਰਨ ਲਈ ਸੀ, ਜੋ 68- 55 ਵੋਟਾਂ 'ਤੇ ਪਾਸ ਹੋਇਆ।
ਇਨ੍ਹਾਂ ਨਿਯਮਾਂ ਨੂੰ ਸਕਾਟਿਸ਼ ਸਰਕਾਰ ਵੱਲੋਂ ਪੇਸ਼ ਕੀਤਾ ਜਾਵੇਗਾ ਅਤੇ ਹਰ ਤਿੰਨ ਹਫਤਿਆਂ ’ਚ ਸਮੀਖਿਆ ਕੀਤੀ ਜਾਵੇਗੀ। ਇਨ੍ਹਾਂ ਨਿਯਮਾਂ ਨੂੰ ਜ਼ਰੂਰਤ ਨਾ ਹੋਣ ਦੀ ਸੂਰਤ ’ਚ ਰੱਦ ਕਰ ਦਿੱਤਾ ਜਾਵੇਗਾ। 18 ਸਾਲ ਤੋਂ ਘੱਟ ਉਮਰ ਦੇ ਲੋਕ, ਡਾਕਟਰੀ ਤੌਰ 'ਤੇ ਛੋਟ ਪ੍ਰਾਪਤ ਲੋਕ, ਟੀਕੇ ਦੇ ਪ੍ਰੀਖਣਾਂ ’ਚ ਹਿੱਸਾ ਲੈ ਰਹੇ ਲੋਕ, ਸਥਾਨਾਂ ਦੇ ਕਰਮਚਾਰੀਆਂ ਆਦਿ ਨੂੰ ਦਾਖਲਾ ਪ੍ਰਾਪਤ ਕਰਨ ਲਈ ਵੈਕਸੀਨ ਪਾਸਪੋਰਟ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ ਇਸ ਦੇ ਕਈ ਮੁੱਦਿਆਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ ਅਤੇ ਕੁਝ ਕਾਰੋਬਾਰ ਵੈਕਸੀਨ ਪਾਸਪੋਰਟ ਦੀ ਵਰਤੋਂ ਕਰਨ ਸਬੰਧੀ ਚਿੰਤਾ ’ਚ ਵੀ ਹਨ।