ਸਕਾਟਲੈਂਡ : ਖ਼ਰਾਬ ਮੌਸਮ ਦੇ ਮੱਦੇਨਜ਼ਰ ‘ਰੈੱਡ ਅਲਰਟ’ ਖੇਤਰਾਂ ’ਚ ਡਰਾਈਵਿੰਗ ਨਾ ਕਰਨ ਦੀ ਅਪੀਲ

Saturday, Nov 27, 2021 - 06:36 PM (IST)

ਸਕਾਟਲੈਂਡ : ਖ਼ਰਾਬ ਮੌਸਮ ਦੇ ਮੱਦੇਨਜ਼ਰ ‘ਰੈੱਡ ਅਲਰਟ’ ਖੇਤਰਾਂ ’ਚ ਡਰਾਈਵਿੰਗ ਨਾ ਕਰਨ ਦੀ ਅਪੀਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਪੁਲਸ ਵੱਲੋਂ ਵਾਹਨ ਚਾਲਕਾਂ ਨੂੰ ਸ਼ੁੱਕਰਵਾਰ ਤੇਜ਼ ਹਵਾਵਾਂ ਦੌਰਾਨ 'ਰੈੱਡ ਅਲਰਟ' ਖੇਤਰਾਂ ’ਚ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਅਪੀਲ ਤੂਫਾਨ ਅਰਵੇਨ ਦੇ ਸਕਾਟਲੈਂਡ ਭਰ ’ਚ ਦਸਤਕ ਦੇਣ ਕਾਰਨ ਕੀਤੀ ਜਾ ਰਹੀ ਹੈ। ਖਰਾਬ ਮੌਸਮ ਕਾਰਨ ਦੇਸ਼ ਦੇ ਪੂਰਬੀ ਅਤੇ ਉੱਤਰੀ ਹਿੱਸਿਆਂ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੋ ਦਿਨਾਂ ਲਈ ਸਕਾਟਲੈਂਡ ’ਚ ਤੂਫਾਨੀ ਮੌਸਮ ਲਈ ਕੁੱਲ ਪੰਜ ਚਿਤਾਵਨੀਆਂ ਵੀ ਜਾਰੀ ਕੀਤੀਆਂ ਹਨ। ਇਸ ਸਬੰਧੀ ਰੈੱਡ ਅਲਰਟ ਅੱਜ ਦੁਪਹਿਰ 3 ਵਜੇ ਤੋਂ ਸ਼ਨੀਵਾਰ ਸਵੇਰੇ 2 ਵਜੇ ਤੱਕ ਲਾਗੂ ਹੈ ਅਤੇ ਭਵਿੱਖਬਾਣੀ ਕਰਨ ਵਾਲੇ ਸੜਕਾਂ, ਪੁਲਾਂ ਅਤੇ ਰੇਲਵੇ ਲਾਈਨਾਂ ਨੂੰ ਦੇਰੀ ਨਾਲ ਬੰਦ ਹੋਣ ਅਤੇ ਬੱਸਾਂ, ਰੇਲ ਗੱਡੀਆਂ, ਬੇੜੀਆਂ ਅਤੇ ਉਡਾਣਾਂ ਨੂੰ ਰੱਦ ਕਰਨ ਦੇ ਨਾਲ-ਨਾਲ ਬਿਜਲੀ ਕੱਟਾਂ ਦੀ ਚਿਤਾਵਨੀ ਵੀ ਦੇ ਰਹੇ ਹਨ। ਰੈੱਡ ਅਲਰਟ ਤੋਂ ਪ੍ਰਭਾਵਿਤ ਖੇਤਰਾਂ ’ਚ ਐਂਗਸ, ਡੰਡੀ, ਫਾਈਫ, ਏਬਰਡੀਨ, ਐਬਰਡੀਨਸ਼ਾਇਰ, ਈਸਟ ਲੋਥੀਅਨ ਅਤੇ ਸਕਾਟਿਸ਼ ਬਾਰਡਰ ਆਦਿ ਸ਼ਾਮਲ ਹਨ।

ਪੁਲਸ ਅਨੁਸਾਰ ਰੈੱਡ ਅਲਰਟ ਦੀ ਚਿਤਾਵਨੀ ਦੌਰਾਨ ਵਾਹਨ ਚਾਲਕਾਂ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ ਅਤੇ ਹੋਰਾਂ ਨੂੰ ਵੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਵਿਭਾਗ ਵੱਲੋਂ ਸ਼ਨੀਵਾਰ ਸਵੇਰੇ 9 ਵਜੇ ਤੱਕ ਸਕਾਟਲੈਂਡ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਲਈ ਇਕ ਅੰਬਰ ਹਵਾ ਦੀ ਚਿਤਾਵਨੀ ਵੀ ਲਾਗੂ ਹੈ, ਜਦਕਿ ਲੋਥੀਅਨਜ਼ ਅਤੇ ਬਾਰਡਰਜ਼, ਹਾਈਲੈਂਡਜ਼ ਅਤੇ ਐਬਰਡੀਨਸ਼ਾਇਰ ਦੇ ਹਿੱਸਿਆਂ ਲਈ ਬਰਫਬਾਰੀ ਲਈ ਪੀਲੀ ਚਿਤਾਵਨੀ ਜਾਰੀ ਰਹੇਗੀ।


author

Manoj

Content Editor

Related News