ਸਕਾਟਲੈਂਡ: ਸਤਿਗੁਰ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਧਾਰਮਿਕ ਕਵੀ ਦਰਬਾਰ ਕਰਵਾਇਆ
Tuesday, Feb 22, 2022 - 04:38 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਨਵੀਂ ਪਿਰਤ ਦਾ ਮੁੱਢ ਬੰਨਦਿਆਂ ਪੰਜ ਦਰਿਆ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ। ਗੁਰੂ ਨਾਨਕ ਸਿੱਖ ਟੈਂਪਲ ਓਟੈਗੋ ਸਟ੍ਰੀਟ ਦੇ ਰਾਮਗੜ੍ਹੀਆ ਹਾਲ ਵਿਖੇ ਹੋਏ ਇਸ ਕਵੀ ਦਰਬਾਰ ਦੀ ਸ਼ੁਰੂਆਤ ਗੁਰੂ ਘਰ ਦੇ ਵਜ਼ੀਰ ਭਾਈ ਅਰਵਿੰਦਰ ਸਿੰਘ ਨੇ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ 'ਤੇ ਵਿਸਤਾਰ ਸਹਿਤ ਚਾਣਨਾ ਪਾਉਂਦਿਆਂ ਪ੍ਰਬੰਧਕਾਂ ਨੂੰ ਇਸ ਨਿਵੇਕਲੀ ਪਿਰਤ ਦਾ ਮੁੱਢ ਬੰਨਣ ਦੀ ਵਧਾਈ ਪੇਸ਼ ਕੀਤੀ।
ਇਸ ਉਪਰੰਤ ਉੱਘੇ ਸ਼ਾਇਰ ਅਮਨਦੀਪ ਸਿੰਘ ਅਮਨ ਨੇ ਆਪਣੀਆਂ ਦੋ ਗਜ਼ਲਾਂ ਰਾਹੀਂ ਸਾਂਝ ਪਾਈ। ਵਿਅੰਗ ਲੇਖਕ ਤੇ ਗੀਤਕਾਰ ਅਮਰਜੀਤ ਮੀਨੀਆਂ ਨੇ ਕ੍ਰਾਂਤੀਕਾਰੀ ਸ਼ਾਇਰ ਸੰਤ ਰਾਮ ਉਦਾਸੀ ਦੀ ਧਾਰਮਿਕ ਰਚਨਾ ਰਾਹੀਂ ਹਾਜ਼ਰੀ ਭਰੀ। ਲੇਖਕ ਤੇ ਸ਼ਾਇਰ ਬਲਬੀਰ ਸਿੰਘ ਫਰਵਾਹਾ ਨੇ ਆਪਣੀ ਧਾਰਮਿਕ ਲਿਖਤ ਰਾਹੀਂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਪੇਸ਼ ਕੀਤੀ। ਉੱਘੇ ਕਾਰੋਬਾਰੀ ਤੇ ਸੁਰੀਲੇ ਫ਼ਨਕਾਰ ਤਰਸੇਮ ਕੁਮਾਰ ਨੇ ਧਾਰਮਿਕ ਸ਼ਬਦ ਨਾਲ ਹਾਜ਼ਰੀਨਾਂ ਕੋਲੋਂ ਵਾਹ-ਵਾਹ ਖੱਟੀ। ਇਸ ਉਪਰੰਤ ਪ੍ਰਸਿੱਧ ਰੇਡੀਓ ਪੇਸ਼ਕਾਰ ਤੇ ਗਾਇਕ ਕਰਮਜੀਤ ਮੀਨੀਆਂ ਨੇ ਤੂੰਬੀ ਦੀ ਟੁਣਕਾਰ 'ਤੇ ਦੋ ਧਾਰਮਿਕ ਗੀਤਾਂ ਨਾਲ ਭਗਤ ਰਵਿਦਾਸ ਮਹਾਰਾਜ ਦਾ ਗੁਣਗਾਨ ਕੀਤਾ।
ਸਮਾਗਮ ਦੇ ਅਖੀਰ ਵਿਚ ਗੁਰੂ ਨਾਨਕ ਸਿੱਖ ਟੈਂਪਲ ਓਟੈਗੋ ਸਟਰੀਟ ਗਲਾਸਗੋ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਬਮਰਾਹ ਤੇ ਸਕੱਤਰ ਸਰਦਾਰਾ ਸਿੰਘ ਜੰਡੂ ਜੀ ਵੱਲੋਂ ਜਿੱਥੇ ਕਵੀ ਦਰਬਾਰ ਦੇ ਪ੍ਰਬੰਧਕ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਸ਼ਾਬਾਸ਼ ਦਿੱਤੀ, ਉੱਥੇ ਅੱਗੇ ਤੋਂ ਵੀ ਅਜਿਹੇ ਸਮਾਗਮਾਂ ਲਈ ਲੋੜੀਂਦਾ ਸਾਥ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਨਾਲ ਹੀ ਉਹਨਾਂ ਦੂਰੋਂ ਨੇੜਿਓਂ ਆਈਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ। ਸਨਮਾਨ ਸਮਾਰੋਹ ਦੌਰਾਨ ਕਵੀ ਦਰਬਾਰ ਪ੍ਰਬੰਧਕਾਂ ਵੱਲੋਂ ਗੁਰੂ ਨਾਨਕ ਸਿੱਖ ਟੈਂਪਲ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਸਮੇਤ ਸਮੂਹ ਕਵੀਜਨਾਂ ਨੂੰ ਵੀ ਪ੍ਰਸ਼ੰਸਾ ਪੱਤਰ ਭੇਂਟ ਕਰਨ ਦੀ ਰਸਮ ਅਦਾ ਕੀਤੀ ਗਈ।
ਇਸ ਸਮਾਗਮ ਦੌਰਾਨ ਸਰਵ ਸ੍ਰੀ ਹੈਰੀ ਮੋਗਾ, ਅਵਤਾਰ ਸਿੰਘ ਹੁੰਝਣ, ਸੁਖਦੇਵ ਸਿੰਘ ਕੁੰਦੀ, ਮਨਜੀਤ ਸਿੰਘ ਗਿੱਲ, ਅਮਰ ਸਿੰਘ ਕੁੰਦੀ, ਪਿਸ਼ੌਰਾ ਸਿੰਘ ਬੱਲ ਆਦਿ ਸਮੇਤ ਭਾਰੀ ਗਿਣਤੀ ਵਿਚ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਕਵੀ ਦਰਬਾਰ ਦੇ ਮੰਚ ਸੰਚਾਲਕ ਦੇ ਫਰਜ਼ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਦਾ ਕੀਤੇ।