ਜੇਕਰ ਟਰੰਪ ਖੇਡਣ ਲਈ ਸਕਾਟਲੈਂਡ ਆਉਣਗੇ ਤਾਂ ਨਹੀਂ ਮਿਲੇਗੀ ਮਨਜ਼ੂਰੀ : ਨਿਕੋਲਾ ਸਟਰਜਨ

01/07/2021 2:04:29 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸੂਤਰਾਂ ਦਾ ਕਹਿਣਾ ਹੈ ਕਿ ਡੋਨਾਲਡ ਟਰੰਪ 19 ਜਨਵਰੀ ਨੂੰ ਗੋਲਫ਼ ਖੇਡਣ ਲਈ ਸਕਾਟਲੈਂਡ ਆਉਣ ਵਾਲੇ ਹਨ। ਟਰੰਪ ਬੋਇੰਗ 757 ਜਹਾਜ਼ ਰਾਹੀਂ ਹਵਾਈ ਅੱਡੇ 'ਤੇ ਪਹੁੰਚਣਗੇ। ਟਰੰਪ ਸਕਾਟਲੈਂਡ ਦੇ ਆਇਰਸ਼ਾਇਰ ਵਿਚ ਟਰਨਬੇਰੀ ਗੋਲਫ਼ ਰਿਜ਼ੋਰਟ ਦੇ ਨਾਲ  ਏਬਰਡੀਨਸ਼ਾਇਰ ਵਿਚ ਵੀ ਇਕ ਹੋਰ ਗੋਲਫ਼ ਕੋਰਸ ਦੇ ਮਾਲਕ ਹਨ। 

ਟਰੰਪ ਦੀ ਇਸ ਯਾਤਰਾ ਦੇ ਮਾਮਲੇ ਵਿਚ ਬੋਲਦਿਆਂ ਫਸਟ ਮਨਿਸਟਰ ਨਿਕੋਲਾ ਸਟਰਜਨ ਕਿਹਾ ਕਿ ਇਸ ਤਾਲਾਬੰਦੀ ਸਮੇਂ ਸਕਾਟਿਸ਼ ਸਰਕਾਰ ਲੋਕਾਂ ਨੂੰ ਬਿਨਾਂ ਕਿਸੇ ਜ਼ਰੂਰੀ ਮਕਸਦ ਦੇ ਸਕਾਟਲੈਂਡ ਵਿਚ ਆਉਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ ਅਤੇ ਇਹ ਪਾਬੰਦੀ ਹੋਰਾਂ ਦੀ ਤਰ੍ਹਾਂ ਟਰੰਪ ਉੱਤੇ ਵੀ ਲਾਗੂ ਹੋਵੇਗੀ। ਇਸ ਦੇ ਨਾਲ ਹੀ ਸਟਰਜਨ ਨੇ ਕਿਹਾ ਕਿ ਉਸ ਅਨੁਸਾਰ ਗੋਲਫ਼ ਖੇਡਣ ਲਈ ਸਕਾਟਲੈਂਡ ਆਉਣਾ ਇਕ ਜ਼ਰੂਰੀ ਉਦੇਸ਼ ਨਹੀਂ ਹੈ। ਕੋਰੋਨਾ ਤਾਲਾਬੰਦੀ ਦੇ ਮੱਦੇਨਜ਼ਰ ਡੋਨਾਲਡ ਟਰੰਪ ਨੂੰ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਹ ਗੋਲਫ਼ ਖੇਡਣ ਲਈ ਯਾਤਰਾ ਕਰਨਗੇ ਤਾਂ ਉਨ੍ਹਾਂ ਨੂੰ ਸਕਾਟਲੈਂਡ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਇਸ ਨਾਲ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਹੋਵੇਗੀ। 

ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਗੱਲ ਨੂੰ ਨਕਾਰਿਆ ਹੈ ਕਿ ਮੌਜੂਦਾ ਰਾਸ਼ਟਰਪਤੀ 19 ਜਨਵਰੀ ਨੂੰ ਸਕਾਟਲੈਂਡ ਦੀ ਯਾਤਰਾ ਕਰਨਗੇ। ਵ੍ਹਾਈਟ ਹਾਊਸ ਦੇ ਡਿਪਟੀ ਪ੍ਰੈੱਸ ਸਕੱਤਰ ਜੁਡ ਡੀਅਰੇ ਅਨੁਸਾਰ ਰਾਸ਼ਟਰਪਤੀ ਟਰੰਪ ਨੇ ਆਪਣੀਆਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਬਾਰੇ ਫਿਲਹਾਲ ਕੋਈ ਐਲਾਨ ਨਹੀਂ ਕੀਤਾ, ਜੇਕਰ ਅਜਿਹਾ ਹੋਇਆ ਤਾਂ ਉਨ੍ਹਾਂ ਵਲੋਂ ਸੂਚਿਤ ਕੀਤਾ ਜਾਵੇਗਾ।
 


Lalita Mam

Content Editor

Related News