ਸਕਾਟਲੈਂਡ ਰੋਸ ਪ੍ਰਦਰਸ਼ਨ : ਯੂ. ਕੇ. ਭਰ ''ਚ ਪੈਦਾ ਕੀਤੀ ਅਨੁਸਾਸ਼ਨ ਦੀ ਮਿਸਾਲ

12/14/2020 9:42:33 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਦਿੱਲੀ ਬੈਠੇ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਨੂੰ ਇਹ ਖਬਰ ਹੌਸਲਾ ਦੇਵੇਗੀ ਕਿ ਸਕਾਟਲੈਂਡ ਵਿਚ ਉਨ੍ਹਾਂ ਦੇ ਹੱਕ ਵਿਚ ਹੋਇਆ ਰੋਸ ਪ੍ਰਦਰਸ਼ਨ ਨਿਰੋਲ ਰੂਪ ਵਿਚ ਕਿਸਾਨਾਂ ਮਜ਼ਦੂਰਾਂ ਨੂੰ ਸਮਰਪਿਤ ਰਿਹਾ। ਰੋਸ ਪ੍ਰਦਰਸ਼ਨ ਨੂੰ ਲੈ ਕੇ ਪਹਿਲਾਂ ਦੋ ਵੱਖਰੇ ਦਿਨਾਂ ਦਾ ਸੁਨੇਹਾ ਸੰਗਤ ਤੱਕ ਪਹੁੰਚਿਆ। ਫਿਰ ਸੰਗਤ ਵਿੱਚ ਇਹ ਦੁਬਿਧਾ ਬਣ ਗਈ ਕਿ ਕਾਰਾਂ ਨਾਲ ਰੋਸ ਪ੍ਰਦਰਸ਼ਨ ਗਲਾਸਗੋ ਹੋਵੇਗਾ ਜਾਂ ਐਡਿਨਬਰਾ? ਪਰ ਸੰਗਤਾਂ ਦੇ ਤੁਰਨ ਲਈ ਐਲਬਰਟ ਡਰਾਈਵ ਗੁਰਦੁਆਰਾ ਸਾਹਿਬ ਹੀ ਸ਼ੁਰੂਆਤੀ ਸਥਾਨ ਸੀ। ਇੱਕ ਧਿਰ ਵੱਲੋਂ ਰੋਸ ਪ੍ਰਦਰਸ਼ਨ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਵਿੱਚ ਕਰਨਾ ਮਿਥਿਆ ਤਾਂ ਐਡਿਨਬਰਾ ਸਥਿਤ ਭਾਰਤੀ ਕੌਂਸਲ ਜਨਰਲ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਬਜਿਦ ਨੌਜਵਾਨਾਂ ਵੱਲੋਂ ਦੋ ਦਿਨਾਂ ਦੀ ਸਖਤ ਮਿਹਨਤ ਨਾਲ ਪੁਲਸ ਅਧਿਕਾਰੀਆਂ ਨੂੰ ਆਪਣੀਆਂ ਦਲੀਲਾਂ ਨਾਲ ਸਹਿਮਤ ਕਰਵਾ ਕੇ ਐਡਿਨਬਰਾ ਜਾ ਕੇ ਰੋਸ ਪ੍ਰਦਰਸ਼ਨ ਕਰਨ ਦੀ ਪ੍ਰਵਾਨਗੀ ਹਾਸਲ ਕਰ ਲਈ। 

PunjabKesari
ਸੰਗਤਾਂ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਗਈਆਂ ਪਰ ਮੌਕੇ ਸਿਰ ਦੋਵੇਂ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਦੀ ਕੁਸ਼ਲ ਰਣਨੀਤੀ ਕਾਰਨ ਦੋਵੇਂ ਥਾਵਾਂ 'ਤੇ ਹੀ ਰੋਸ ਪ੍ਰਦਰਸ਼ਨ ਕਾਬਿਲੇ ਤਾਰੀਫ਼ ਹੋਏ। ਜ਼ੋਰੋ-ਜ਼ੋਰ ਪੈਂਦੇ ਮੀਂਹ 'ਚ ਨੌਜਵਾਨਾਂ ਦਾ ਜੋਸ਼ ਮਾਹੌਲ ਨੂੰ ਗਰਮਾਹਟ ਦੇ ਰਿਹਾ ਸੀ। ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਵਿਚ ਤਕਰੀਰਾਂ ਨਾਅਰਿਆਂ ਦਾ ਦੌਰ ਚੱਲਿਆ ਪਰ ਸ਼ਬਦਾਵਲੀ ਤੇ ਨਾਅਰਿਆਂ ਦੀ ਚੋਣ ਵਧੇਰੇ ਕਰਕੇ ਕਿਸਾਨ ਸੰਘਰਸ਼ ਹਿਮਾਇਤੀ ਰਹੀ। 

ਇਸ ਸਮੇਂ ਗੁਰਦੁਆਰਾ ਪ੍ਰਬੰਧਕੀ ਕਮੇਟੀ ਪ੍ਰਧਾਨ ਲਭਾਇਆ ਸਿੰਘ ਮਹਿਮੀ, ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ ਤੇ ਨਿਰੰਜਨ ਸਿੰਘ ਬਿਨਿੰਗ ਵੱਲੋਂ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਆਈਆਂ ਸੰਗਤਾਂ ਨੂੰ ਇਸ ਇਤਿਹਾਸਕ ਕਾਰਜ ਦਾ ਹਿੱਸਾ ਬਣਨ ਦੀ ਮੁਬਾਰਕਬਾਦ ਪੇਸ਼ ਕੀਤੀ। ਇਸ ਉਪਰੰਤ ਨਾਅਰਿਆਂ ਦੀ ਗੂੰਜ ਹੇਠ ਸੈਂਕੜਿਆਂ ਦੀ ਤਾਦਾਦ ਵਿਚ ਕਾਰਾਂ ਦਾ ਕਾਫਲਾ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਪੜਾਅ ਕਰਨ ਉਪਰੰਤ ਐਡਿਨਬਰਾ ਵੱਲ ਨੂੰ ਰਵਾਨਾ ਹੋਇਆ। ਕਾਰਾਂ ਉੱਪਰ ਲੱਗੇ ਕੇਸਰੀ ਹਰੇ ਝੰਡੇ, ਕੇਸਰੀ ਤੇ ਹਰੀਆਂ ਦਸਤਾਰਾਂ ਚੁੰਨੀਆਂ ਤੇ ਬੈਨਰ ਪੋਸਟਰ ਰਾਹਗੀਰਾਂ ਦਾ ਧਿਆਨ ਖਿੱਚਦੇ ਰਹੇ। ਮੀਲਾਂ ਲੰਮੇ ਕਾਫਲੇ ਰਾਹੀਂ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਵੱਲੋਂ ਮੁਜਾਹਰੇ ਲਈ ਮਿਲੇ ਦੋ ਘੰਟੇ ਤਕਰੀਰਾਂ ਤੇ ਨਾਅਰਿਆਂ ਰਾਹੀਂ ਮਾਹੌਲ ਨੂੰ ਇੰਨਾ ਰੋਹ ਭਰਪੂਰ ਬਣਾ ਦਿੱਤਾ ਕਿ ਕਿਸੇ ਨੂੰ ਮੀਂਹ ਯਾਦ ਹੀ ਨਾ ਰਿਹਾ। 

ਸਮੁੱਚੇ ਪ੍ਰਦਰਸ਼ਨ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਐਡਿਨਬਰਾ ਵਿਖੇ ਮੁਕੰਮਲ ਤੌਰ 'ਤੇ ਅਨੁਸਾਸ਼ਨਬੱਧ ਤੇ ਸ਼ਾਂਤੀਪੂਰਵਕ ਹੋਏ ਰੋਸ ਪ੍ਰਦਰਸ਼ਨ ਉਪਰੰਤ ਸੈਂਟਰਲ ਗੁਰਦੁਆਰਾ ਸਿੰਘ ਸਭਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਬਖਸੀਸ਼ ਸਿੰਘ ਦੀਹਰੇ, ਨਿਰੰਜਨ ਸਿੰਘ ਬਿਨਿੰਗ, ਜਸਪਾਲ ਸਿੰਘ ਖਹਿਰਾ, ਇਤਿਹਾਸ ਯੂ. ਕੇ. ਦੇ ਮੁੱਖ ਬੁਲਾਰੇ ਹਰਪਾਲ ਸਿੰਘ ਆਦਿ ਵੱਲੋਂ ਜਿੱਥੇ ਸਮੂਹ ਪ੍ਰਬੰਧਕ ਨੌਜਵਾਨਾਂ ਨੂੰ ਵਧਾਈ ਦਿੱਤੀ ਉੱਥੇ ਸ਼ਮੂਲੀਅਤ ਕਰਨ ਵਾਲੇ ਹਿੰਦੂ, ਮੁਸਲਿਮ, ਇਸਾਈ ਤੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਸਾਥ ਦਿੱਤਾ। 


Lalita Mam

Content Editor

Related News