ਸਕਾਟਲੈਂਡ: ਪੰਜਾਬੀ ਲੇਖਿਕਾ ਦੀ ਕਿਤਾਬ 50 ਸਾਲ ਬਾਅਦ ਲਾਇਬ੍ਰੇਰੀ ਨੂੰ ਕੀਤੀ ਵਾਪਸ
Friday, Jul 30, 2021 - 11:58 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਰੇਨਫਰਿਊਸ਼ਾਇਰ ਵਿੱਚ ਇੱਕ ਲਾਇਬ੍ਰੇਰੀ ਤੋਂ ਤਕਰੀਬਨ 50 ਸਾਲ ਪਹਿਲਾਂ ਲਈ ਗਈ ਇੱਕ ਪੰਜਾਬੀ ਲੇਖਿਕਾ ਦੀ ਕੁਕਿੰਗ ਸਬੰਧੀ ਕਿਤਾਬ ਨੂੰ ਆਖਰਕਾਰ ਵਾਪਸ ਕੀਤਾ ਗਿਆ ਹੈ। ਪੇਜ਼ਲੀ ਸੈਂਟਰਲ ਲਾਇਬ੍ਰੇਰੀ ਵਿੱਚ ਸ਼੍ਰੀਮਤੀ ਬਲਬੀਰ ਸਿੰਘ ਦੀ ਇੰਡੀਅਨ ਕੁੱਕਰੀ ਦੀ ਕਿਤਾਬ ਨੂੰ ਵਾਪਸ ਭੇਜਿਆ ਗਿਆ ਹੈ ਜੋ ਕਿ ਆਖਰੀ ਵਾਰ 1968 ਵਿੱਚ ਉਧਾਰ ਦਿੱਤੀ ਗਈ ਸੀ।
1965 ਵਿੱਚ ਮਿਲਸ ਅਤੇ ਬੂਨ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਇਹ ਕਿਤਾਬ ਪਾਠਕ ਵੱਲੋਂ ਇੱਕ ਵੱਡੇ ਚਿੱਟੇ ਬੈਗ ਵਿੱਚ ਡਾਕ ਰਾਹੀਂ 20 ਪੌਂਡ ਦੇ ਨੋਟ ਅਤੇ ਇੱਕ ਗੁਮਨਾਮ ਮੁਆਫ਼ੀ ਵਾਲੀ ਚਿੱਠੀ ਦੇ ਨਾਲ ਵਾਪਸ ਭੇਜੀ ਗਈ। ਇਸ ਚਿੱਠੀ ਵਿੱਚ ਕਿਤਾਬ ਦੀ ਦੇਰੀ ਨਾਲ ਵਾਪਸੀ ਲਈ ਮੁਆਫ਼ੀ ਸਵੀਕਾਰ ਕਰਨ ਦੀ ਗੱਲ ਲਿਖੀ ਗਈ। ਇਸ ਕਿਤਾਬ ਨਾਲ ਭੇਜੇ ਗਏ 20 ਪੌਂਡ ਇੱਕ ਚੈਰਿਟੀ ਨੂੰ ਦਾਨ ਕੀਤੇ ਜਾ ਰਹੇ ਹਨ, ਕਿਉਂਕਿ ਰੇਨਫਰਿਊਸ਼ਾਇਰ ਲਾਇਬ੍ਰੇਰੀਆਂ ਬਕਾਇਆ ਕਿਤਾਬਾਂ ਦੀ ਵਾਪਸੀ ਲਈ ਜੁਰਮਾਨਾ ਨਹੀਂ ਵਸੂਲ ਰਹੀਆਂ।
ਪੜ੍ਹੋ ਇਹ ਅਹਿਮ ਖਬਰ- 1 ਅਗਸਤ ਤੋਂ ਵਿਦੇਸ਼ੀ ਸੈਲਾਨੀ ਜਾ ਸਕਣਗੇ ਸਾਊਦੀ ਅਰਬ, ਹੋਣਗੀਆਂ ਇਹ ਸ਼ਰਤਾਂ
ਸ਼੍ਰੀਮਤੀ ਬਲਬੀਰ ਸਿੰਘ ਦਾ ਜਨਮ 1912 ਵਿੱਚ ਪੰਜਾਬ ਵਿੱਚ ਹੋਇਆ ਸੀ ਅਤੇ ਉਹ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸ਼ੈੱਫ, ਕੁੱਕਰੀ ਅਧਿਆਪਕ ਅਤੇ ਰਸੋਈ ਕਿਤਾਬ ਦੀ ਲੇਖਿਕਾ ਬਣੀ। ਸ਼੍ਰੀਮਤੀ ਬਲਬੀਰ ਸਿੰਘ ਦੀ ਇੰਡੀਅਨ ਕੁੱਕਰੀ ਕਿਤਾਬ ਨੂੰ ਪਹਿਲੀ ਵਾਰ ਲੰਡਨ ਵਿੱਚ ਪ੍ਰਕਾਸ਼ਿਤ ਹੋਣ 'ਤੇ ਬਹੁਤ ਪ੍ਰਸ਼ੰਸਾ ਮਿਲੀ ਸੀ। ਇਸ ਕਿਤਾਬ ਦੀਆਂ ਦੁਨੀਆ ਭਰ ਵਿੱਚ ਸੈਂਕੜੇ ਹਜ਼ਾਰਾਂ ਕਾਪੀਆਂ ਵੇਚੀਆਂ ਗਈਆਂ। ਇਸ ਉਪਰੰਤ ਕਿਤਾਬ ਦੇ ਕਈ ਐਡੀਸ਼ਨ ਵੀ ਛਪੇ ਸਨ। ਲੇਖਿਕਾ ਸ੍ਰੀਮਤੀ ਬਲਬੀਰ ਸਿੰਘ ਦੀ 1994 ਵਿੱਚ ਮੌਤ ਹੋ ਗਈ ਸੀ।