ਸਕਾਟਲੈਂਡ ਪਾਰਲੀਮੈਂਟ ਚੋਣਾਂ ''ਚ ਵਾਅਦਿਆਂ ਦਾ ਦੌਰ ਸ਼ੁਰੂ, ਪਾਰਟੀਆਂ ਨੇ ਕੀਤੇ ਇਹ ਵਾਅਦੇ

04/08/2021 2:28:44 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਚੋਣਾਂ ਦਾ ਮਾਹੌਲ ਸਰਗਰਮ ਹੈ। 6 ਮਈ ਦੀਆਂ ਹੌਲੀਰੁਡ ਚੋਣਾਂ ਦੇ ਮੱਦੇਨਜ਼ਰ ਸਕਾਟਲੈਂਡ ਦੀਆਂ ਰਾਜਨੀਤਕ ਪਾਰਟੀਆਂ ਆਪੋ ਆਪਣਾ ਜ਼ੋਰ ਲਗਾ ਰਹੀਆਂ ਹਨ, ਜਿਸ ਕਰਕੇ ਸੱਤਾ ਪ੍ਰਾਪਤ ਕਰਨ ਲਈ ਲੋਕਾਂ ਨਾਲ ਭਰਮਾਊ ਵਾਅਦੇ ਕੀਤੇ ਜਾ ਰਹੇ ਹਨ। ਇਹਨਾਂ ਹੀ ਵਾਅਦਿਆਂ ਦੀ ਲੜੀ ਵਿੱਚ ਸਕਾਟਲੈਂਡ ਦੀ ਫਸਟ ਮਨਿਸਟਰ ਤੇ ਐੱਸ ਐੱਨ ਪੀ ਉਮੀਦਵਾਰ ਨਿਕੋਲਾ ਸਟਰਜਨ ਵੱਲੋਂ ਵੀ ਚੋਣਾਂ ਵਿੱਚ ਦੁਬਾਰਾ ਚੁਣੇ ਜਾਣ ਲਈ ਵਾਅਦੇ ਕੀਤੇ ਜਾ ਰਹੇ ਹਨ। ਜਿਹਨਾਂ ਵਿੱਚ ਨਿਕੋਲਾ ਸਟਰਜਨ ਦੁਆਰਾ ਸਕਾਟਲੈਂਡ ਦੇ ਹਰੇਕ ਪ੍ਰਾਇਮਰੀ ਬੱਚੇ ਲਈ ਮੁਫ਼ਤ ਸਕੂਲ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦੀ ਯੋਜਨਾ ਦਾ ਐਲਾਨ ਵੀ ਕੀਤਾ ਜਾਵੇਗਾ। 

ਐਸ ਐਨ ਪੀ ਨੇਤਾ ਆਪਣੀ ਪਾਰਟੀ ਦੀਆਂ ਮੌਜੂਦਾ ਵਿਵਸਥਾਵਾਂ ਦਾ ਵਿਸਥਾਰ ਕਰਨ ਲਈ ਆਪਣੀ ਪਾਰਟੀ ਦੇ ਇਰਾਦੇ ਦੀ ਘੋਸ਼ਣਾ ਕਰੇਗੀ, ਜਿਹੜੀ ਚਾਰ ਤੋਂ ਸੱਤ ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਾਇਮਰੀ 1-3 ਵਿੱਚ ਸ਼ਾਮਿਲ ਕਰਦੀ ਹੈ। ਸਟਰਜਨ ਨੇ ਜਿਸ ਕਦਮ ਦਾ ਸੁਝਾਅ ਦਿੱਤਾ ਹੈ ਉਹ ਪਹਿਲਾਂ ਸਿੱਖਿਆ ਸਕੱਤਰ ਜੌਨ ਸਵਿੰਨੀ ਦੁਆਰਾ ਪਿਛਲੇ ਸਾਲ ਨਵੰਬਰ ਵਿੱਚ ਦਿੱਤਾ ਗਿਆ ਸੀ। ਕਿਹਾ ਜਾ ਰਿਹਾ ਹੈ ਇਸ ਸੁਝਾਅ ਦੇ ਅਮਲ ਵਿੱਚ ਆਉਣ ਨਾਲ ਪਰਿਵਾਰਾਂ ਲਈ ਇਕ ਸਾਲ ਵਿੱਚ ਸੈਂਕੜੇ ਪੌਂਡ ਬਚਾ ਸਕਦਾ ਹੈ। ਇਸ ਸੰਬੰਧੀ ਸਕਾਟਲੈਂਡ ਦੇ ਲੇਬਰ ਨੇਤਾ ਅਨਸ ਸਰਵਰ ਨੇ ਵੀ ਕਿਹਾ ਸੀ ਕਿ ਛੁੱਟੀਆਂ ਵਿੱਚ ਭੁੱਖ ਨਾਲ ਨਜਿੱਠਣ ਲਈ ਕੈਚ-ਅਪ ਕਲੱਬਾਂ ਦੁਆਰਾ ਪ੍ਰਾਇਮਰੀ ਅਤੇ ਸੈਕੰਡਰੀ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਖਾਣੇ ਦਾ ਲਾਭ ਮਿਲਣਾ ਚਾਹੀਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਯੂਕੇ: ਹਾਂਗਕਾਂਗ ਦੇ ਲੋਕਾਂ ਨੂੰ ਸਹਾਇਤਾ ਦੇਣ ਲਈ 43 ਮਿਲੀਅਨ ਪੌਂਡ ਦੇ ਪੈਕੇਜ ਦਾ ਐਲਾਨ

ਸਟਰਜਨ ਦੁਆਰਾ ਇਸ ਸੰਬੰਧੀ ਇਹ ਕਹਿਣ ਦੀ ਉਮੀਦ ਕੀਤੀ ਜਾਂਦੀ ਹੈ, ਕਿ ਕੋਰੋਨਾ ਮਹਾਮਾਰੀ ਵਿੱਚ ਸਰਕਾਰ ਦਾ ਪੂਰਾ ਧਿਆਨ ਪਰਿਵਾਰਾਂ ਨੂੰ ਮੁਸ਼ਕਿਲ ਸਮੇਂ ਸਹਾਇਤਾ ਕਰਨ 'ਚ ਹੈ। ਇਸ ਲਈ ਪ੍ਰਾਇਮਰੀ ਸਕੂਲਾਂ ਦੇ 1 ਤੋਂ 3 ਦੇ ਸਾਰੇ ਬੱਚੇ ਪਹਿਲਾਂ ਹੀ ਮੁਫ਼ਤ ਸਕੂਲ ਖਾਣੇ ਦੇ ਲਾਭ ਪ੍ਰਾਪਤ ਕਰਦੇ ਹਨ ਅਤੇ ਹਰ ਸਾਲ ਪ੍ਰਤੀ ਬੱਚੇ ਲਈ ਪਰਿਵਾਰ 400 ਪੌਂਡ ਦੇ ਲੱਗਭਗ ਬਚਾਉਂਦੇ ਹਨ ਪਰ ਜੇ ਦੁਬਾਰਾ ਚੁਣੇ ਜਾਂਦੇ ਹਨ, ਤਾਂ ਐਸ ਐਨ ਪੀ ਸਰਕਾਰ ਸਕਾਟਲੈਂਡ ਦੇ ਹਰ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਅਤੇ ਸਕਾਟਲੈਂਡ ਦੇ ਸਰਕਾਰੀ-ਫੰਡਾਂ ਵਾਲੇ ਵਿਸ਼ੇਸ਼ ਸਕੂਲਾਂ ਵਿੱਚ ਸਾਰੇ ਬੱਚਿਆਂ ਲਈ ਮੁਫਤ ਬ੍ਰੇਕਫਾਸਟ ਅਤੇ ਲੰਚ ਮੁਹੱਈਆ ਕਰਵਾਏਗੀ। ਇਸ ਦੇ ਫਲਸਰੂਪ ਪਰਿਵਾਰਾਂ ਨੂੰ ਪ੍ਰਤੀ ਬੱਚਾ ਪ੍ਰਤੀ ਸਾਲ 650 ਪੌਂਡ ਦੀ ਬਚਤ ਹੋਵੇਗੀ। 

ਇਸ ਦੇ ਇਲਾਵਾ ਸੈਕੰਡਰੀ ਸਕੂਲਾਂ ਵਿੱਚ ਮੁਫਤ ਪੌਸ਼ਟਿਕ ਸਕੂਲ ਬ੍ਰੇਕਫਾਸਟ ਪਾਇਲਟ ਕਰਨ ਦੀਆਂ ਯੋਜਨਾਵਾਂ ਵੀ ਹਨ, ਜਿਸ ਦੀ ਪਾਰਟੀ ਨੂੰ ਉਮੀਦ ਹੈ ਕਿ ਪੁਰਾਣੇ ਵਿਦਿਆਰਥੀਆਂ ਲਈ ਨਾਸ਼ਤੇ ਦੇ ਸਰਵ ਵਿਆਪਕ ਪ੍ਰਬੰਧ ਕੀਤੇ ਜਾਣਗੇ। ਸਟਰਜਨ ਅਨੁਸਾਰ ਯੋਜਨਾ ਇਸ ਸਮੇਂ ਪਰਿਵਾਰਾਂ ਨੂੰ ਬਹੁਤ ਲੋੜੀਂਦੀ ਸਹਾਇਤਾ ਦੇਵੇਗੀ ਅਤੇ ਇਹ ਸਕਾਟਲੈਂਡ ਦੇ ਭਵਿੱਖ ਵਿੱਚ ਇੱਕ ਮਹੱਤਵਪੂਰਨ ਨਿਵੇਸ਼ ਵੀ ਹੈ। ਸਟਰਜਨ ਅਨੁਸਾਰ ਐਸ ਐਨ ਪੀ ਨੂੰ ਵੋਟਾਂ ਦੇ ਕੇ, ਲੋਕ ਇੱਕ ਅਜਿਹੀ ਸਰਕਾਰ ਚੁਣ ਸਕਦੇ ਹਨ, ਜਿਸ ਦਾ ਉਦੇਸ਼ ਮਹਾਮਾਰੀ ਲਈ ਸਕਾਟਲੈਂਡ ਦੀ ਅਗਵਾਈ ਕਰਨ ਦੀ ਯੋਜਨਾ ਦੇ ਨਾਲ ਹਰੇਕ ਪਰਿਵਾਰ ਦੀ ਰਿਕਵਰੀ ਰਾਹੀਂ ਸਹਾਇਤਾ ਕਰਨਾ ਵੀ ਹੈ।

ਨੋਟ- ਸਕਾਟਲੈਂਡ ਪਾਰਲੀਮੈਂਟ ਚੋਣਾਂ 'ਚ ਵਾਅਦਿਆਂ ਦਾ ਦੌਰ ਸ਼ੁਰੂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News