ਸਕਾਟਲੈਂਡ: ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕੀਤਾ ਆਪਣੀ ਕੈਬਨਿਟ ਟੀਮ ਦਾ ਐਲਾਨ

Thursday, May 20, 2021 - 03:16 PM (IST)

ਸਕਾਟਲੈਂਡ: ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕੀਤਾ ਆਪਣੀ ਕੈਬਨਿਟ ਟੀਮ ਦਾ ਐਲਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਹੋਲੀਰੂਡ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦੁਬਾਰਾ ਫਸਟ ਮਨਿਸਟਰ ਚੁਣੇ ਜਾਣ ਉਪਰੰਤ ਨਿਕੋਲਾ ਸਟਰਜਨ ਨੇ ਆਪਣੀ ਨਵੀਂ ਕੈਬਨਿਟ ਟੀਮ ਦਾ ਐਲਾਨ ਕੀਤਾ ਹੈ। ਨਵੀਂ ਕੈਬਨਿਟ ਵਿੱਚ ਹਮਜ਼ਾ ਯੂਸਫ਼, ਜਿਸਨੇ ਪਹਿਲਾਂ ਨਿਆਂ ਸਕੱਤਰ ਦਾ ਅਹੁਦਾ ਸੰਭਾਲਿਆ ਸੀ, ਨੂੰ ਸਿਹਤ ਅਤੇ ਸਮਾਜਿਕ ਦੇਖਭਾਲ ਲਈ ਕੈਬਨਿਟ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਇਸ ਭੂਮਿਕਾ ਵਿੱਚ ਰਾਸ਼ਟਰੀ ਦੇਖਭਾਲ ਸੇਵਾ ਦੀ ਸਥਾਪਨਾ ਵੀ ਸ਼ਾਮਿਲ ਹੋਵੇਗੀ। ਕੇਟ ਫੋਰਬਜ਼ ਨੂੰ ਵਿੱਤ ਅਤੇ ਆਰਥਿਕਤਾ ਸਕੱਤਰ ਦੇ ਰੂਪ ਵਿੱਚ ਜਿੰਮੇਵਾਰੀ ਦਿੱਤੀ ਗਈ ਹੈ, ਜੋ ਕਿ ਸਕਾਟਲੈਂਡ ਦਾ ਬਜਟ, ਵਿੱਤੀ ਨੀਤੀ ਅਤੇ ਟੈਕਸ ਲਗਾਉਣ ਆਦਿ ਦੇ ਕੰਮ ਵੇਖਣਗੇ। 

ਇਸ ਤੋਂ ਅਗਲੇ ਅਹੁਦੇ ਵਿੱਚ ਸ਼ਰਲੀ-ਐਨ ਸੋਮਰਵਿਲ ਨੂੰ ਸਿੱਖਿਆ ਅਤੇ ਹੁਨਰ ਲਈ ਕੈਬਨਿਟ ਸਕੱਤਰ ਬਣਾਇਆ ਗਿਆ ਹੈ। ਇਹਨਾਂ ਨੇ ਜੋਹਨ ਸਵਿੰਨੇ ਦੀ ਜਗ੍ਹਾ ਲਈ ਹੈ, ਜਿਸ ਨੂੰ ਮੰਗਲਵਾਰ ਨੂੰ ਕੋਵਿਡ ਰਿਕਵਰੀ ਲਈ ਮੰਤਰੀ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਸੀ। ਸਕਾਟਿਸ਼ ਕੈਬਨਿਟ ਵਿੱਚ ਮਾਈਕਲ ਮੈਥਸਨ ਸ਼ੁੱਧ ਜ਼ੀਰੋ, ਊਰਜਾ ਅਤੇ ਆਵਾਜਾਈ ਲਈ ਕੈਬਨਿਟ ਸਕੱਤਰ ਵਜੋਂ ਭੂਮਿਕਾ ਨਿਭਾਉਣਗੇ, ਜਿਸ ਵਿੱਚ ਕੋਪ 26 ਦੀ ਜ਼ਿੰਮੇਵਾਰੀ ਸ਼ਾਮਿਲ ਹੋਵੇਗੀ। ਪਾਰਟੀ ਦੇ ਡੈਪੂਟੇਂਟ ਲੀਡਰ ਕੀਥ ਬ੍ਰਾਊਨ ਨੂੰ ਹਮਜ਼ਾ ਯੂਸਫ਼ ਦੀ ਜਗ੍ਹਾ ਨਿਆਂ ਸਕੱਤਰ ਵਜੋਂ ਨਿਯੁਕਤ ਕੀਤਾ ਹੈ ਅਤੇ ਐਂਗਸ ਰਾਬਰਟਸਨ ਨੂੰ ਸੰਵਿਧਾਨ, ਵਿਦੇਸ਼ ਅਤੇ ਸਭਿਆਚਾਰ ਲਈ ਕੈਬਨਿਟ ਸਕੱਤਰ ਦੀ ਭੂਮਿਕਾ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਸਕੂਲਾਂ 'ਚ ਕਿਰਪਾਨ 'ਤੇ ਪਾਬੰਦੀ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਆਸਟ੍ਰੇਲੀਅਨ ਮੰਤਰੀਆਂ ਨਾਲ ਗੱਲਬਾਤ ਜਾਰੀ

ਇਸਦੇ ਇਲਾਵਾ ਮਾਇਰੀ ਗੌਗੇਨ ਨੂੰ ਪੇਂਡੂ ਮਾਮਲਿਆਂ ਅਤੇ ਆਈਲੈਂਡ ਸੈਕਟਰੀ ਵਜੋਂ ਨਾਮ ਦਿੱਤਾ ਗਿਆ ਹੈ, ਜਦੋਂ ਕਿ ਸ਼ੋਨਾ ਰੋਬਿਸਨ, ਸਮਾਜਿਕ ਨਿਆਂ, ਮਕਾਨ ਅਤੇ ਸਥਾਨਕ ਸਰਕਾਰਾਂ ਲਈ ਕੈਬਨਿਟ ਸਕੱਤਰ ਹੈ। ਕੈਬਨਿਟ ਮੰਤਰੀਆਂ ਦੇ ਨਾਲ ਹੀ ਨਿਕੋਲਾ ਸਟਰਜਨ ਨੇ 15 ਜੂਨੀਅਰ ਮੰਤਰੀਆਂ ਦੀ ਨਿਯੁਕਤੀ ਦਾ ਐਲਾਨ ਵੀ ਕੀਤਾ ਹੈ। ਜਿਹਨਾਂ ਵਿੱਚ ਐਂਜੇਲਾ ਕਾਂਸਟੇਂਸ ਡਰੱਗਜ਼ ਮੰਤਰੀ, ਇਵਾਨ ਮੈਕੀ ਵਪਾਰ ਮੰਤਰੀ ਵਜੋਂ ਬਾਕੀ ਜਾਰਜ ਐਡਮ ਸੰਸਦੀ ਕਾਰੋਬਾਰ ਲਈ ਮੰਤਰੀ, ਰਿਚਰਡ ਲੋਚਹੈਡ ਜੋ ਪਹਿਲਾਂ ਉੱਚ ਵਿਦਿਆ ਲਈ ਜ਼ਿੰਮੇਵਾਰ ਸੀ ਅਤੇ ਤਬਦੀਲੀ, ਰੁਜ਼ਗਾਰ ਅਤੇ ਨਿਰਪੱਖ ਕੰਮ ਦੇ ਇੰਚਾਰਜ ਹਨ। ਸਾਬਕਾ ਡਿਪਟੀ ਵ੍ਹਿਪ ਟੌਮ ਆਰਥਰ ਨੂੰ ਜਨਤਕ ਵਿੱਤ ਮੰਤਰੀ ਬਣਾਇਆ ਗਿਆ ਹੈ। 

ਮੈਰੀ ਟੌਡ ਨੂੰ ਜਨ ਸਿਹਤ, ਔਰਤਾਂ ਦੀ ਸਿਹਤ ਅਤੇ ਖੇਡ ਮੰਤਰੀ, ਕੇਵਿਨ ਸਟੀਵਰਟ ਨੂੰ ਮਾਨਸਿਕ ਤੰਦਰੁਸਤੀ ਅਤੇ ਸਮਾਜਿਕ ਦੇਖਭਾਲ ਲਈ ਮੰਤਰੀ, ਕਲੇਰ ਹੌਗੀ ਨੂੰ ਬੱਚਿਆਂ ਅਤੇ ਨੌਜਵਾਨਾਂ ਲਈ ਮੰਤਰੀ ਅਤੇ ਉੱਚ ਸਿੱਖਿਆ ਮੰਤਰੀ ਵਜੋਂ ਜੈਮੀ ਹੇਪਬਰਨ ਨੂੰ ਚੁਣਿਆ ਗਿਆ ਹੈ। ਬਾਕੀ ਦੇ ਕੈਬਨਿਟ ਮੰਤਰੀਆਂ ਵਿੱਚ ਮਾਈਰੀ ਮੈਕਾਲਨ ਵਾਤਾਵਰਣ, ਜੈਵ ਵਿਭਿੰਨਤਾ ਅਤੇ ਭੂਮੀ ਸੁਧਾਰ ਮੰਤਰੀ, ਗ੍ਰੇਮ ਡੇ ਟਰਾਂਸਪੋਰਟ ਮੰਤਰੀ, ਐਸ਼ ਡੇਨਹੈਮ  ਕਮਿਊਨਿਟੀ ਸੁੱਰਖਿਆ ਲਈ ਮੰਤਰੀ, ਕ੍ਰਿਸਟੀਨਾ ਮੈਕਲਵੀ ਬਰਾਬਰੀ ਅਤੇ ਬਜ਼ੁਰਗ ਲੋਕ ਮੰਤਰੀ, ਬੇਨ ਮੈਕਫਰਸਨ ਸਮਾਜਿਕ ਸੁਰੱਖਿਆ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਅਤੇ ਜੈਨੀ ਗਿਲਰਥ ਯੂਰਪ ਅਤੇ ਅੰਤਰਰਾਸ਼ਟਰੀ ਵਿਕਾਸ ਲਈ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਆਪਣੀ ਕੈਬਨਿਟ ਦੀ ਘੋਸ਼ਣਾ ਕਰਨ ਤੋਂ ਬਾਅਦ, ਨਿਕੋਲਾ ਸਟਰਜਨ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਨਵੀਂ ਟੀਮ ਸਕਾਟਲੈਂਡ ਨੂੰ ਵਿਕਾਸ ਦੇ ਸਿਖਰ ਤੱਕ ਅੱਗੇ ਲੈ ਕੇ ਜਾਵੇਗੀ।


author

Vandana

Content Editor

Related News