ਸਕਾਟਲੈਂਡ : ਅਮੀਰਾਤ ਏਅਰਲਾਈਨ ਬੁੱਧਵਾਰ ਤੋਂ ਮੁੜ ਸ਼ੁਰੂ ਕਰੇਗੀ ਗਲਾਸਗੋ-ਦੁਬਈ ਉਡਾਣਾਂ
Saturday, Aug 07, 2021 - 04:42 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਹਵਾਈ ਯਾਤਰਾ ’ਤੇ ਲਗਾਈਆਂ ਪਾਬੰਦੀਆਂ ਨੂੰ ਪੜਾਅਵਾਰ ਖੋਲ੍ਹਿਆ ਜਾ ਰਿਹਾ ਹੈ। ਯਾਤਰਾ ਦੀ ਲਾਲ ਸੂਚੀ ਵਾਲੇ ਦੇਸ਼ਾਂ ਨੂੰ ਘਟ ਰਹੇ ਕੋਰੋਨਾ ਮਾਮਲਿਆਂ ਕਾਰਨ ਇਸ ਸੂਚੀ ’ਚੋਂ ਤਬਦੀਲ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਪ੍ਰਮੁੱਖ ਏਅਰਲਾਈਨ ਅਮੀਰਾਤ ਵੱਲੋਂ ਬੁੱਧਵਾਰ 11 ਅਗਸਤ ਤੋਂ ਗਲਾਸਗੋ ਨੂੰ ਦੁਬਈ ਨਾਲ ਜੋੜਨ ਵਾਲੀਆਂ ਉਡਾਣਾਂ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ। ਸੰਯੁਕਤ ਅਰਬ ਅਮੀਰਾਤ ਨੂੰ ਸਕਾਟਿਸ਼ ਸਰਕਾਰ ਦੀ ਯਾਤਰਾ ਸਬੰਧੀ ਲਾਲ ਸੂਚੀ ’ਚੋਂ ਹਟਾਉਣ ਤੋਂ ਬਾਅਦ ਇਹ ਏਅਰਲਾਈਨ ਸ਼ੁਰੂ ’ਚ ਦੋਵਾਂ ਸ਼ਹਿਰਾਂ ਵਿਚਕਾਰ ਚਾਰ ਹਫਤਾਵਾਰੀ ਉਡਾਣਾਂ ਚਲਾਏਗੀ।
ਇਹ ਵੀ ਪੜ੍ਹੋ : ਮਹਿੰਗਾਈ ਨਾਲ ਜੂਝ ਰਹੇ ਇਸ ਦੇਸ਼ ਨੇ ਬਦਲੀ ਕਰੰਸੀ, 10 ਲੱਖ ਦਾ ਨੋਟ ਬਣਿਆ ਸਿਰਫ 1 ਰੁਪਿਆ
ਅਮੀਰਾਤ ਦੀ ਉਡਾਣ ਈ. ਕੇ. 27 ਦੁਬਈ ਤੋਂ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਸਵੇਰੇ 7.50 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ ਹੀ ਦੁਪਹਿਰ 12.45 ਵਜੇ ਗਲਾਸਗੋ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੇਗੀ। ਫਿਰ ਵਾਪਸੀ ਲਈ ਉਡਾਣ, ਈ. ਕੇ. 28, ਗਲਾਸਗੋ ਤੋਂ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਦੁਪਹਿਰ 2.35 ਵਜੇ ਰਵਾਨਾ ਹੋਵੇਗੀ, ਅਗਲੇ ਦਿਨ ਸਵੇਰੇ 1.05 ਵਜੇ ਦੁਬਈ ਪਹੁੰਚੇਗੀ। ਇਨ੍ਹਾਂ ਸ਼ੁਰੂਆਤੀ ਉਡਾਣਾਂ ਤੋਂ ਬਾਅਦ ਅਮੀਰਾਤ ਵੱਲੋਂ ਉਡਾਣਾਂ ਨੂੰ ਰੋਜ਼ਾਨਾ ਸੇਵਾ ’ਚ ਲਿਆਉਣ ਦੀ ਯੋਜਨਾ ਹੈ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਐਤਵਾਰ ਸਵੇਰੇ 4 ਵਜੇ ਤੋਂ ਸਕਾਟਲੈਂਡ ਦੀ ਲਾਲ ਤੋਂ ਅੰਬਰ ਸੂਚੀ ’ਚ ਅੱਗੇ ਵਧੇਗਾ, ਇਸ ਲਈ ਆਉਣ ਵਾਲੇ ਵੈਕਸੀਨ ਪ੍ਰਾਪਤ ਯਾਤਰੀਆਂ ਨੂੰ ਹੋਟਲ ਕੁਆਰੰਟਾਈਨ ਦੀ ਲੋੜ ਨਹੀਂ ਪਵੇਗੀ।