ਸਕਾਟਲੈਂਡ: ਗਲਾਸਗੋ ਅਤੇ ਕਲਾਈਡ ''ਚ 4 ਲੱਖ ਲੋਕਾਂ ਨੂੰ ਮਿਲੀ ਕੋਰੋਨਾ ਵੈਕਸੀਨ
Sunday, Mar 14, 2021 - 04:14 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿਚ ਚੱਲ ਰਹੀ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਤਹਿਤ ਐਨ.ਐਚ.ਐਸ. ਗ੍ਰੇਟਰ ਗਲਾਸਗੋ ਅਤੇ ਕਲਾਈਡ ਨੇ 4 ਲੱਖ ਲੋਕਾਂ ਨੂੰ ਕੋਰੋਨਾ ਟੀਕਾ ਲਗਾ ਕੇ ਇੱਕ ਵੱਡਾ ਮੀਲ ਪੱਥਰ ਸਥਾਪਿਤ ਕੀਤਾ ਹੈ। ਸਰਕਾਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਇਸ ਮੁਹਿੰਮ ਤਹਿਤ 370,000 ਲੋਕਾਂ ਨੇ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ, ਜਦਕਿ 30,000 ਨੇ ਆਪਣੀ ਦੂਜੀ ਖੁਰਾਕ ਲਗਵਾਈ ਹੈ।
ਇਸ ਦੇ ਇਲਾਵਾ ਇਸ ਵਿੱਚ 90% ਤੋਂ ਵੱਧ ਕੇਅਰ ਹੋਮਜ਼ ਦੇ ਬਜ਼ੁਰਗ ਸ਼ਾਮਿਲ ਹਨ। ਇਸ ਵੱਡੇ ਪੱਧਰ 'ਤੇ ਟੀਕੇ ਲਗਾਉਣ ਤੋਂ ਬਾਅਦ ਸਿਹਤ ਬੋਰਡ ਟੀਕੇ ਦੇ ਰੋਲਆਉਟ ਨੂੰ ਹੋਰ ਵਧਾਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਲਈ ਅਗਲੇ ਹਫਤੇ 55-59 ਸਾਲ ਦੀ ਉਮਰ ਸਮੂਹ ਨੂੰ ਟੀਕਾਕਰਨ ਲਈ ਮੁਲਾਕਾਤ ਪੱਤਰ ਭੇਜਣ ਲਈ ਤੈਅ ਕੀਤੇ ਗਏ ਹਨ ਅਤੇ 50-54 ਸਾਲ ਦੀ ਉਮਰ ਸਮੂਹ ਨੂੰ ਇਹ ਪੱਤਰ ਉਸ ਤੋਂ ਹਫਤੇ ਬਾਅਦ ਭੇਜੇ ਜਾਣਗੇ।
ਪੜ੍ਹੋ ਇਹ ਅਹਿਮ ਖਬਰ - ਇਟਲੀ : ਕੋਰੋਨਾ ਪੀੜਤਾਂ ਦੀ ਯਾਦ 'ਚ 18 ਮਾਰਚ ਨੂੰ ਮਨਾਇਆ ਜਾਵੇਗਾ ਨੈਸ਼ਨਲ ਡੇਅ
ਗਲਾਸਗੋ ਅਤੇ ਕਲਾਈਡ ਦੇ ਪਬਲਿਕ ਹੈਲਥ ਦੇ ਡਾਇਰੈਕਟਰ ਡਾ. ਲਿੰਡਾ ਡੀ ਕੈਸਟੇਕਰ ਨੇ ਟੀਕਾਕਰਨ ਲਈ ਅੱਗੇ ਆਏ ਲੋਕਾਂ ਦਾ ਧੰਨਵਾਦ ਕੀਤਾ ਹੈ। ਕੈਸਟੇਕਰ ਅਨੁਸਾਰ ਟੀਕੇ ਦੀ ਉਪਲਬਧਤਾ ਦੇ ਅਨੁਸਾਰ ਐਨ ਐਚ ਐਸ ਗਰੇਟਰ ਗਲਾਸਗੋ ਅਤੇ ਕਲਾਈਡ ਵਿੱਚ ਟੀਕਾਕਰਨ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਰਾਸ਼ਟਰੀ ਅਨੁਮਾਨਾਂ ਦੇ ਅਨੁਸਾਰ, ਗ੍ਰੇਟਰ ਗਲਾਸਗੋ ਅਤੇ ਕਲਾਈਡ ਦੇ ਅੰਦਰ 50 ਸਾਲ ਤੋਂ ਵੱਧ ਉਮਰ ਦੇ ਹਰ ਇੱਕ ਵਿਅਕਤੀ ਨੂੰ ਅਪ੍ਰੈਲ ਦੇ ਅੱਧ ਵਿੱਚ ਟੀਕੇ ਪਹਿਲੀ ਖੁਰਾਕ ਦੀ ਪੇਸ਼ਕਸ਼ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।