ਸਕਾਟਲੈਂਡ : ਕੋਰੋਨਾ ਕਾਲ ਦੌਰਾਨ 1000 ਤੋਂ ਵੱਧ ਪੁਲਸ ਵਾਲਿਆਂ ’ਤੇ ਕੋਰੋਨਾ ਨਾਲ ਸਬੰਧਤ ਹੋਏ ਹਮਲੇ

Monday, May 31, 2021 - 05:56 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਮਹਾਮਾਰੀ ਦੌਰਾਨ ਐੱਨ. ਐੱਚ. ਐੱਸ. ਸਟਾਫ ਦੇ ਨਾਲ ਪੁਲਸ ਨੇ ਵੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ, ਇਸ ਦੇ ਬਾਵਜੂਦ ਸਕਾਟਲੈਂਡ ਪੁਲਸ ਨੂੰ ਕੁਝ ਸਿਰਫਿਰੇ ਲੋਕਾਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਬੰਧੀ ਕੀਤੇ ਗਏ ਵਿਸ਼ਲੇਸ਼ਣ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਪੁਲਸ ਉੱਤੇ 1000 ਤੋਂ ਵੱਧ ਕੀਤੇ ਗਏ ਹਮਲਿਆਂ ’ਚ ਥੁੱਕਣਾ ਜਾਂ ਖੰਘਣਾ ਸ਼ਾਮਲ ਸੀ, ਜੋ ਕੋਰੋਨਾ ਵਾਇਰਸ ਹਮਲਿਆਂ ਨਾਲ ਜੁੜੇ ਹੋਏ ਸਨ। ਸਕਾਟਲੈਂਡ ਪੁਲਸ ਅਨੁਸਾਰ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਸਾਲ 2020-21 ’ਚ ਹਮਲਿਆਂ ’ਚ ਕੁਲ 6.3 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਤਹਿਤ ਅਫਸਰਾਂ ਅਤੇ ਸਟਾਫ ’ਤੇ ਕੁੱਲ 6,942 ਹਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚੋਂ 1,087 ਕੋਵਿਡ ਹਮਲੇ ਨਾਲ ਸਬੰਧਤ ਹਨ। ਹਾਲਾਂਕਿ ਸਕਾਟਲੈਂਡ ਦੇ ਚਾਰ ਖੇਤਰਾਂ ਤੋਂ ਕੋਈ ਡਾਟਾ ਉਪਲੱਬਧ ਨਾ ਹੋਣ ਕਰਕੇ ਹਮਲਿਆਂ ਦਾ ਇਹ ਅੰਕੜਾ ਹੋਰ ਜ਼ਿਆਦਾ ਹੋ ਸਕਦਾ ਹੈ।

ਗ੍ਰੇਟਰ ਗਲਾਸਗੋ ਖੇਤਰ ’ਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਨਾਲ ਸਬੰਧਤ ਹਮਲਿਆਂ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਥੇ ਇਨ੍ਹਾਂ ਦੀ ਗਿਣਤੀ 336 ਹੈ ਅਤੇ ਲੈਨਾਰਕਸ਼ਾਇਰ ’ਚ ਇਸ ਤੋਂ ਬਾਅਦ 228 ਹਮਲੇ ਦਰਜ ਕੀਤੇ ਗਏ ਹਨ। ਅੰਕੜਿਆਂ ਅਨੁਸਾਰ ਪੰਜ ਸਾਲਾਂ ਦੌਰਾਨ ਅਧਿਕਾਰੀਆਂ ਵਿਰੁੱਧ ਹਮਲੇ 18 ਫੀਸਦੀ ਵਧੇ ਹਨ। ਸਕਾਟਲੈਂਡ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਹਮਲਿਆਂ ’ਚ ਹੋਏ ਵਾਧੇ ਨਾਲ ਨਜਿੱਠਣ ਅਤੇ ਸੁਰੱਖਿਆ ਲਈ ਪੁਲਸ ਨੂੰ ਨਵੀਆਂ ਤਕਨੀਕਾਂ ਦੀ ਸਿਖਲਾਈ ਵੀ ਦਿੱਤੀ ਗਈ ਹੈ।


Manoj

Content Editor

Related News