ਸਕਾਟਲੈਂਡ : ਨਾਗਰਿਕਾਂ ਨੂੰ ਦਿੱਤਾ ਜਾਵੇਗਾ ਪੁਲਸ ਅਧਿਕਾਰੀਆਂ ਦੀ ਪਛਾਣ ਪੁੱਛਣ ਦਾ ਅਧਿਕਾਰ

Monday, Oct 04, 2021 - 07:27 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਇਕ ਪੁਲਸ ਅਧਿਕਾਰੀ ਵੱਲੋਂ ਸਾਰਾਹ ਐਵਰਾਰਡ ਨਾਂ ਦੀ ਜਨਾਨੀ ਦਾ ਕਤਲ ਕਰਨ ਤੋਂ ਬਾਅਦ ਸਕਾਟਲੈਂਡ ਪੁਲਸ ਵੱਲੋਂ ਨਾਗਰਿਕਾਂ ਨਾਲ ਰਾਬਤਾ ਕਰਨ ਵਾਲੇ ਇਕੱਲੇ ਅਧਿਕਾਰੀ ਦੀ ਪਛਾਣ ਪੁੱਛਣ ਦਾ ਅਧਿਕਾਰ ਨਾਗਰਿਕਾਂ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਸਕਾਟਲੈਂਡ ਪੁਲਸ ਨੇ ਇਕੱਲੇ ਅਧਿਕਾਰੀ ਲਈ ‘ਵੈਰੀਫਿਕੇਸ਼ਨ ਚੈੱਕਸ’ ਪੇਸ਼ ਕੀਤੇ ਹਨ, ਜਿਸ ਤਹਿਤ ਜਿਹੜੇ ਅਧਿਕਾਰੀ ਆਪਣੇ ਆਪ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਜਨਤਾ ਨੂੰ ਉਨ੍ਹਾਂ ਦੀ ਆਈ. ਡੀ. ਜਾਂਚਣ ਦੀ ਮੰਗ ਕਰਨ ਦਾ ਬਦਲ ਪੇਸ਼ ਕਰਨ। ਇਸ ਜਾਂਚ ’ਚ ਪੁਲਸ ਅਫਸਰ ਦਾ ਰੇਡੀਓ ਲਾਊਡ ਸਪੀਕਰ ’ਤੇ ਲਗਾਇਆ ਜਾਵੇਗਾ ਅਤੇ ਕੰਟਰੋਲ ਰੂਮ ਦੇ ਸਟਾਫ ਦਾ ਇਕ ਮੈਂਬਰ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਉਹ ਅਧਿਕਾਰੀ ਕੌਣ ਹੈ। ਮੁੱਖ ਦਫਤਰ ਦਾ ਸਟਾਫ ਇਹ ਵੀ ਪੁਸ਼ਟੀ ਕਰੇਗਾ ਕਿ ਅਧਿਕਾਰੀ ਡਿਊਟੀ ’ਤੇ ਹੈ ਅਤੇ ਅਧਿਕਾਰੀ ਵੱਲੋਂ ਕਿਸੇ ਨਾਗਰਿਕ ਨਾਲ ਗੱਲ ਕਰਨ ਦੇ ਕਾਰਨ ਦੀ ਵੀ ਵਿਆਖਿਆ ਕਰੇਗਾ।

ਇਹ ਵੀ ਪੜ੍ਹੋ : ਮੈਡੀਸਨ ’ਚ ਡੇਵਿਡ ਜੂਲੀਅਸ ਤੇ ਅਰਡੇਮ ਪਟਾਪੌਟੀਅਨ ਨੂੰ ਸਾਂਝੇ ਤੌਰ ’ਤੇ ਮਿਲਿਆ ਨੋਬਲ ਪੁਰਸਕਾਰ

ਵਿਭਾਗ ਅਨੁਸਾਰ ਡਿਊਟੀ ’ਤੇ ਮੌਜੂਦ ਅਧਿਕਾਰੀਆਂ ਨੂੰ ਨਾ ਸਿਰਫ ਆਈ. ਡੀ. ਚੈੱਕ ਪੇਸ਼ ਕਰਨ ਲਈ ਕਿਹਾ ਜਾਵੇਗਾ, ਬਲਕਿ ਜਨਤਾ ਦਾ ਇਕ ਮੈਂਬਰ ਵੈਰੀਫਿਕੇਸ਼ਨ ਦੀ ਬੇਨਤੀ ਵੀ ਕਰ ਸਕਦਾ ਹੈ। ਇਸ ਤਹਿਤ ਜਦੋਂ ਪਬਲਿਕ ਦਾ ਮੈਂਬਰ ਅਧਿਕਾਰੀ ਦੀ ਪਛਾਣ ਦੀ ਜਾਂਚ ਕਰਨ ਲਈ ਕੰਟਰੋਲ ਰੂਮ ਦੇ ਕਿਸੇ ਮੈਂਬਰ ਨਾਲ ਗੱਲ ਕਰਦਾ ਹੈ ਤਾਂ ਕੰਟਰੋਲ ਰੂਮ ਫਿਰ ਇਕ ਨੰਬਰ ਬਣਾਏਗਾ, ਜੋ ਗੱਲਬਾਤ ਦੇ ਵੇਰਵੇ ਦੀ ਪੁਸ਼ਟੀ ਕਰਨ ਲਈ ਅਧਿਕਾਰੀ ਦੇ ਮੋਬਾਈਲ ਫੋਨ ਜਾਂ ਰੇਡੀਓ ’ਤੇ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਸਕਾਟਲੈਂਡ ਪੁਲਸ ਅਨੁਸਾਰ ਵਿਭਾਗ ਦੇ ਇਸ ਕਦਮ ਨਾਲ ਲੋਕਾਂ ਦਾ ਪੁਲਸ ’ਚ ਵਧੇਰੇ ਵਿਸ਼ਵਾਸ ਪੈਦਾ ਹੋਵੇਗਾ।


Manoj

Content Editor

Related News