ਸਕਾਟਲੈਂਡ: ਜੇਲ੍ਹਾਂ ''ਚ ਫੋਨਾਂ ਦੀ ਤਸਕਰੀ ਲਈ ਜੇਲ੍ਹ ਸਟਾਫ ਨੂੰ ਹੋ ਰਹੀ ਰਿਸ਼ਵਤ ਦੀ ਪੇਸ਼ਕਸ਼
Tuesday, Jan 25, 2022 - 05:16 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਅਪਰਾਧਿਕ ਗਰੋਹਾਂ ਦੇ ਮੈਂਬਰ ਜੇਲ੍ਹ ਵਿੱਚ ਆਈਫੋਨ ਦੀ ਤਸਕਰੀ ਕਰਨ ਲਈ ਜੇਲ੍ਹ ਅਧਿਕਾਰੀਆਂ ਨੂੰ 3,000 ਪੌਂਡ ਤੱਕ ਦੀ ਪੇਸ਼ਕਸ਼ ਕਰ ਰਹੇ ਹਨ। ਇਹ ਰਕਮ ਸਟਾਫ ਦੀ ਲਗਭਗ ਦੋ ਮਹੀਨਿਆਂ ਦੀ ਤਨਖਾਹ ਦੇ ਬਰਾਬਰ ਹੈ ਅਤੇ ਕੁਝ ਸੈਕਿੰਡ-ਹੈਂਡ ਡਿਵਾਈਸਾਂ ਦੀ ਕੀਮਤ ਦਾ 30 ਗੁਣਾ ਹੈ। ਸਕਾਟਿਸ਼ ਜੇਲ੍ਹ ਸੇਵਾ ਦੇ ਅੰਦਰ ਇੱਕ ਅਧਿਕਾਰੀ ਦੀ ਮੁੱਢਲੀ ਤਨਖਾਹ ਪ੍ਰਤੀ ਸਾਲ ਲਗਭਗ 22,000 ਪੌਂਡ ਹੈ। ਇਸ ਸਬੰਧੀ ਗੈਂਗਸਟਰਾਂ ਦਾ ਸੋਚਣਾ ਹੈ ਕਿ ਇਹ ਕੀਮਤ ਜੇਲ੍ਹ ਸਟਾਫ ਨੂੰ ਜੋਖਮ ਲੈਣ ਲਈ ਵਧੇਰੇ ਕਮਜ਼ੋਰ ਬਣਾ ਦੇਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਯੂਕੇ ਨੇ 11 ਫਰਵਰੀ ਤੋਂ ਵਿਦੇਸ਼ੀ ਯਾਤਰੀਆਂ ਲਈ ਖੋਲ੍ਹੇ ਦਰਵਾਜੇ
ਇਹ ਖੁਲਾਸਾ ਜੇਲ੍ਹਾਂ ਵਿੱਚੋਂ ਦਰਜਨਾਂ ਆਈਫੋਨ ਬਰਾਮਦ ਕੀਤੇ ਜਾਣ ਤੋਂ ਬਾਅਦ ਹੋਇਆ ਹੈ, ਜਿਸ ਵਿੱਚ ਬਹੁਤ ਸਾਰੇ ਕੈਦੀ ਸ਼ਾਮਲ ਹਨ। ਜੇਲ੍ਹ ਸਟਾਫ ਅਨੁਸਾਰ ਮੌਜੂਦਾ ਸਮੇਂ ਵਧ ਰਹੀਆਂ ਕੀਮਤਾਂ ਕੁਝ ਸਟਾਫ ਮੈਂਬਰਾਂ ਨੂੰ ਇਸ ਜੋਖਮ ਨੂੰ ਲੈਣ ਲਈ ਮਜ਼ਬੂਰ ਕਰਨਗੀਆਂ। ਕੋਵਿਡ ਮਹਾਮਾਰੀ ਦੌਰਾਨ ਸਕਾਟਲੈਂਡ ਵਿੱਚ ਕੈਦੀਆਂ ਤੋਂ ਲਗਭਗ 2000 ਮੋਬਾਈਲ ਫੋਨ ਜ਼ਬਤ ਕੀਤੇ ਗਏ ਸਨ ਅਤੇ ਲਗਭਗ 7600 ਟੈਂਪਰ-ਪਰੂਫ ਫੋਨ ਕੈਦੀਆਂ ਨੂੰ ਮੁਲਾਕਾਤਾਂ ਦੀ ਥਾਂ ਲੈਣ ਲਈ ਦਿੱਤੇ ਗਏ ਸਨ। ਸਕਾਟਿਸ਼ ਜੇਲ੍ਹ ਸੇਵਾ ਦੇ ਅੰਕੜੇ ਦੱਸਦੇ ਹਨ ਕਿ ਮਈ 2020 ਤੋਂ ਸਕਾਟਲੈਂਡ ਦੀਆਂ ਜੇਲ੍ਹਾਂ ਵਿੱਚ 1899 ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਹਨ। ਜਿਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਲ੍ਹ ਕਰਮਚਾਰੀਆਂ ਦੀ ਮਿਲੀਭੁਗਤ ਬਿਨਾਂ ਫੋਨ ਜੇਲ੍ਹਾਂ ਅੰਦਰ ਹਰਗਿਜ ਨਹੀਂ ਜਾ ਸਕਦੇ। ਇਹ ਵੀ ਸਪੱਸ਼ਟ ਹੈ ਕਿ ਅਜਿਹੇ ਮੱਕੜਜਾਲ ਵਿੱਚ ਫਸੇ ਕਰਮਚਾਰੀ ਰਿਸ਼ਵਤ ਲੈ ਕੇ ਹੀ ਅਜਿਹੇ ਕਾਰੇ ਨੂੰ ਅੰਜਾਮ ਦਿੰਦੇ ਹੋਣਗੇ।