ਸਕਾਟਲੈਂਡ ''ਚ ਰੁਜ਼ਗਾਰ ਨੂੰ ਬਚਾਉਣ ਲਈ ਵਧੀਆ ਯੋਜ਼ਨਾ ਦੀ ਜਰੂਰਤ : ਅਨਸ ਸਰਵਰ

Monday, Feb 01, 2021 - 03:00 PM (IST)

ਸਕਾਟਲੈਂਡ ''ਚ ਰੁਜ਼ਗਾਰ ਨੂੰ ਬਚਾਉਣ ਲਈ ਵਧੀਆ ਯੋਜ਼ਨਾ ਦੀ ਜਰੂਰਤ : ਅਨਸ ਸਰਵਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਹੋਈਆਂ ਪਾਬੰਦੀਆਂ ਕਾਰਨ ਸਕਾਟਲੈਂਡ ਵਿੱਚ ਹਜਾਰਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾਈਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਕੰਮ ਕਰਨ ਵਾਲੇ 10 ਲੋਕਾਂ ਵਿੱਚੋਂ ਇੱਕ ਤੋਂ ਵੱਧ ਜ਼ਿਆਦਾ ਵਿਅਕਤੀ ਫਰਲੋ ਸਕੀਮ ਤਹਿਤ ਘਰ ਬੈਠੇ ਹਨ, ਜਿਸ ਕਰਕੇ ਬੇਰੁਜ਼ਗਾਰੀ ਦੀ ਇੱਕ ਵੱਡੀ ਲਹਿਰ ਦੁਆਰਾ ਸਕਾਟਲੈਂਡ ਨੂੰ ਪ੍ਰਭਾਵਿਤ ਕਰਨ ਦਾ ਖਦਸ਼ਾ ਹੈ। 

ਯੂਕੇ ਸਰਕਾਰ ਦੇ ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਸਕਾਟਲੈਂਡ ਦੀ 'ਕਮਾਈ ਛੁੱਟੀ' ਵਿੱਚ 45 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਸੰਬੰਧੀ ਲੇਬਰ ਪਾਰਟੀ ਦੇ ਅਨਸ ਸਰਵਰ ਅਨੁਸਾਰ ਸਕਾਟਲੈਂਡ ਵਿੱਚ 282,800 ਲੋਕ 31 ਦਸੰਬਰ ਤੱਕ ਫਰਲੋ ਸਕੀਮ ਨੂੰ ਅਪਣਾ ਰਹੇ ਸਨ ਜੋ ਕਿ ਅਕਤੂਬਰ ਦੇ ਅਖੀਰ ਵਿਚਲੀ 195,200 ਦੀ ਗਿਣਤੀ ਤੋਂ ਜ਼ਿਆਦਾ ਸਨ।ਜਿਸ ਦਾ ਅਰਥ ਹੈ ਕਿ ਸਕਾਟਲੈਂਡ ਵਿੱਚ ਲੱਗਭਗ 11 ਫੀਸਦੀ ਯੋਗ ਕਰਮਚਾਰੀ 146,500 ਬੀਬੀਆਂ ਅਤੇ 136,300 ਪੁਰਸ਼ ਫਰਲੋ ਦੇ ਅਧੀਨ ਹਨ। ਇਸ ਸਕੀਮ ਨੂੰ ਚਾਂਸਲਰ ਰਿਸ਼ੀ ਸੁਨਕ ਦੁਆਰਾ ਕਈ ਵਾਰ ਵਧਾਇਆ ਗਿਆ ਹੈ ਅਤੇ ਹੁਣ ਅਪ੍ਰੈਲ ਦੇ ਅਖੀਰ ਵਿੱਚ ਖਤਮ ਕਰਨ ਦੀ ਯੋਜਨਾ ਹੈ। 

ਪੜ੍ਹੋ ਇਹ ਅਹਿਮ ਖਬਰ- 'ਗਲੋਬਲ ਇੰਡੀਅਨ ਡਾਇਸਪੋਰਾ' ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਅਪੀਲ

ਇਸ ਲਈ ਸਰਵਰ ਅਨੁਸਾਰ ਹਜ਼ਾਰਾਂ ਸਕਾਟਲੈਂਡ ਵਾਸੀ ਇਸ ਯੋਜਨਾ ਦੇ ਖਤਮ ਹੋਣ 'ਤੇ ਆਪਣੀਆਂ ਨੌਕਰੀਆਂ ਲਈ ਚਿੰਤਤ ਹਨ। ਸਰਵਰ ਦੁਆਰਾ ਨਿਕੋਲਾ ਸਟਰਜਨ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸਕਾਟਲੈਂਡ ਵਿੱਚ ਰੁਜ਼ਗਾਰ ਨੂੰ ਬਚਾਉਣ ਲਈ ਤੇ ਵਧੀਆ ਭਵਿੱਖ ਲਈ ਇੱਕ ਸਾਰਥਿਕ ਯੋਜਨਾ ਉਲੀਕਣ ਦੀ ਅਪੀਲ ਕੀਤੀ ਹੈ। ਸਰਵਰ ਨੇ ਇਸ ਸੰਬੰਧੀ ਬੋਲਦਿਆਂ ਕਿਹਾ ਕਿ ਸਕਾਟਲੈਂਡ ਅਤੇ ਬ੍ਰਿਟੇਨ ਦੀਆਂ ਸਰਕਾਰਾਂ ਨੂੰ ਇਸ ਮਹਾਮਾਰੀ ਦੌਰਾਨ ਆਪਸੀ ਮਤਭੇਦਾਂ ਨੂੰ ਇੱਕ ਪਾਸੇ ਰੱਖ ਕੇ ਲੋਕਾਂ ਦੇ ਚੰਗੇ ਭਵਿੱਖ ਅਤੇ ਬੇਰੁਜ਼ਗਾਰੀ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ।

ਨੋਟ- ਸਕਾਟਲੈਂਡ 'ਚ ਰੁਜ਼ਗਾਰ ਨੂੰ ਬਚਾਉਣ ਲਈ ਵਧੀਆ ਯੋਜ਼ਨਾ ਦੀ ਜਰੂਰਤ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Vandana

Content Editor

Related News