ਸਕਾਟਲੈਂਡ : ਐਡਵੋਕੇਟ ਕੁਲਵੰਤ ਕੌਰ ਢਿੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ

07/15/2022 2:07:57 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - "ਭਾਰਤੀ ਸਮਾਜ ਵਿੱਚ ਜਦੋਂ ਔਰਤਾਂ ਦਾ ਕਾਰਜ ਸਥਾਨ ਘਰ ਦੀ ਚਾਰਦੀਵਾਰੀ ਜਾਂ ਚੌਂਕੇ-ਚੁੱਲ੍ਹੇ ਤੱਕ ਹੀ ਸੀਮਤ ਮੰਨਿਆ ਜਾਂਦਾ ਹੋਵੇ ਤਾਂ ਮਰਦ ਔਰਤ ਬਰਾਬਰੀ ਦੀਆਂ ਗੱਲਾਂ ਨਾਟਕ ਜਿਹੀਆਂ ਲੱਗਦੀਆਂ ਹਨ। ਅਜਿਹੇ ਸਮੇਂ ਵਿੱਚ ਜਦੋਂ ਕੁੜੀਆਂ ਨੂੰ ਘਰ ਦੀ ਦਹਿਲੀਜ਼ ਤੋਂ ਬਾਹਰ ਇਕੱਲਿਆਂ ਜਾਣਾ ਵੀ ਮੁਨਾਸਿਬ ਨਾ ਹੋਵੇ, ਉਦੋਂ ਇਕ ਕੁੜੀ ਕਾਨੂੰਨ ਦੀ ਪੜ੍ਹਾਈ ਕਰਕੇ ਸਮਾਜ ਵਿੱਚ ਮਾਣਮੱਤਾ ਰੁਤਬਾ ਹਾਸਲ ਕਰੇ ਤਾਂ ਇਹ ਘਟਨਾ ਅਲੋਕਾਰੀ ਹੋ ਨਿੱਬੜਦੀ ਹੈ। ਅਜਿਹੇ ਮਾਣ ਦੀ ਪਾਤਰ ਬਣੀ ਸ਼੍ਰੀਮਤੀ ਕੁਲਵੰਤ ਕੌਰ ਢਿੱਲੋਂ ਨੂੰ ਉਨ੍ਹਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ ਦੇਣਾ ਵੀ ਮਾਣ ਵਾਲੀ ਗੱਲ ਹੈ।" ਇਹ ਪ੍ਰਗਟਾਵਾ ਪੰਜ ਦਰਿਆ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਮਨਦੀਪ ਖੁਰਮੀ ਹਿੰਮਤਪੁਰਾ, ਕਰਮਜੀਤ ਮੀਨੀਆਂ, ਬਲਵਿੰਦਰ ਸਿੰਘ ਜੱਸਲ, ਟੌਮ ਵਿਰ੍ਹੀਆ, ਅਮਰ ਮੀਨੀਆਂ, ਜੋਤੀ ਵਿਰ੍ਹੀਆ, ਨੀਲਮ ਖੁਰਮੀ, ਦਲਬਾਰਾ ਸਿੰਘ ਗਿੱਲ, ਨਿਰਮਲ ਗਿੱਲ ਆਦਿ ਨੇ ਆਪਣ ਸੰਬੋਧਨ ਕਰਦਿਆਂ ਕੀਤਾ।

ਇਹ ਵੀ ਪੜ੍ਹੋ : ਸਰਨਾ ਨੇ ਰਿਪੁਦਮਨ ਸਿੰਘ ਦੇ ਦਿਹਾਂਤ 'ਤੇ ਦੁੱਖ ਜ਼ਾਹਿਰ ਕਰਦਿਆਂ ਕਤਲ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ

ਜ਼ਿਕਰਯੋਗ ਹੈ ਕਿ ਐਡਵੋਕੇਟ ਕੁਲਵੰਤ ਕੌਰ ਢਿੱਲੋਂ ਦਾ ਬਚਪਨ ਤੇ ਜਵਾਨੀ ਗੁਜਰਾਤ ਵਿੱਚ ਗੁਜ਼ਰੀ ਪਰ ਉਨ੍ਹਾਂ ਨੇ ਆਪਣੀ ਅਗਲੀ ਪੜ੍ਹਾਈ ਵਿਆਹ ਉਪਰੰਤ ਜਾਰੀ ਰੱਖੀ। ਉਨ੍ਹਾਂ ਨੂੰ ਮੋਗਾ ਜ਼ਿਲ੍ਹੇ ਦੀ ਪਹਿਲੀ ਐਡਵੋਕੇਟ ਔਰਤ ਹੋਣ ਦੇ ਨਾਲ-ਨਾਲ ਪੰਜਾਬ ਦੀਆਂ ਚੋਣਵੀਆਂ ਔਰਤ ਐਡਵੋਕੇਟਾਂ 'ਚ ਸ਼ੁਮਾਰ ਹੋਣ ਦਾ ਵੀ ਮਾਣ ਹਾਸਲ ਹੈ। ਸ਼੍ਰੀਮਤੀ ਢਿੱਲੋਂ ਕੋਰਟ ਕੰਪਲੈਕਸ ਨਿਹਾਲ ਸਿੰਘ ਵਾਲਾ 'ਚ ਪਿਛਲੇ ਲੰਮੇ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ ਤੇ ਇਹ ਸੇਵਾਵਾਂ ਅਜੇ ਵੀ ਜਾਰੀ ਹਨ। ਇਸ ਸਨਮਾਨ ਨੂੰ ਹਾਸਲ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਔਰਤਾਂ ਕਿਸੇ ਵੀ ਖੇਤਰ ਵਿੱਚ ਆਪਣੀ ਕਾਮਯਾਬੀ ਦਾ ਝੰਡਾ ਗੱਡ ਸਕਦੀਆਂ ਹਨ ਪਰ ਉਨ੍ਹਾਂ ਦੀ ਆਪਣੀ ਮਜ਼ਬੂਤ ਇੱਛਾ ਸ਼ਕਤੀ ਅਤੇ ਪਰਿਵਾਰਕ ਹੱਲਾਸ਼ੇਰੀ ਦਾ ਹੋਣਾ ਵੀ ਲਾਜ਼ਮੀ ਹੈ। ਉਨ੍ਹਾਂ ਪੰਜ ਦਰਿਆ ਦੀ ਸਮੁੱਚੀ ਟੀਮ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਐਡਵੋਕੇਟ ਕੁਲਵੰਤ ਕੌਰ ਢਿੱਲੋਂ ਆਪਣੇ ਸਕਾਟਲੈਂਡ ਦੇ ਦੌਰੇ 'ਤੇ ਆਏ ਹੋਏ ਸਨ।

ਇਹ ਵੀ ਪੜ੍ਹੋ : ਪ੍ਰਮਾਣੂ ਸਮਝੌਤੇ 'ਤੇ ਈਰਾਨ ਦਾ 'ਹਮੇਸ਼ਾ' ਇੰਤਜ਼ਾਰ ਨਹੀਂ ਕਰਾਂਗੇ : ਬਾਈਡੇਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News