ਪਹਿਲੀ ਵਾਰ ਸਿਹਤਮੰਦ ਇਨਸਾਨ ਤੋਂ ਮਿਲਿਆ ਅਜਿਹਾ DNA, ਵਿਗਿਆਨੀ ਵੀ ਹੈਰਾਨ
Tuesday, Jul 21, 2020 - 06:23 PM (IST)
ਲੰਡਨ (ਬਿਊਰੋ): ਇਨਸਾਨ ਦਾ ਸਰੀਰ ਡੀ.ਐੱਨ.ਏ. ਨਾਲ ਬਣਿਆ ਹੈ ਮਤਲਬ Deoxyribonucleic acid (DNA) ਨਾਲ। ਹੁਣ ਤੱਕ ਅਸੀਂ ਸਾਰੇ ਜਾਣਦੇ ਸੀ ਕਿ ਡੀ.ਐੱਨ.ਏ. ਦੀ ਬਣਾਵਟ ਡਬਲ ਹੈਲਿਕਸ ਹੈ ਪਰ ਹੁਣ ਵਿਗਿਆਨੀਆਂ ਨੇ ਸਿਹਤਮੰਦ ਇਨਸਾਨ ਦੇ ਸਰੀਰ ਦੇ ਸੈੱਲਾਂ ਵਿਚ ਚਾਰ ਹੈਲਿਕਸ ਵਾਲਾ ਡੀ.ਐੱਨ.ਏ. ਖੋਜਿਆ ਹੈ। ਵਿਗਿਆਨੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕੀ ਡੀ.ਐੱਨ.ਏ. ਹੁਣ ਆਪਣੀ ਬਨਾਵਟ ਬਦਲ ਰਿਹਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਤਬਦੀਲੀ ਨਾਲ ਸਰੀਰ 'ਤੇ ਕੀ ਅਸਰ ਪਵੇਗਾ।
ਡਬਲ ਹੈਲਿਕਸ ਡੀ.ਐੱਨ.ਏ. ਨਾਲ ਹੀ ਇਨਸਾਨੀ ਸਰੀਰ ਦੀ ਬਣਾਵਟ ਹੁੰਦੀ ਹੈ। ਆਮਤੌਰ 'ਤੇ ਚਾਰ ਹੈਲਿਕਸ ਡੀ.ਐੱਨ.ਏ. ਕੈਂਸਰ ਦੇ ਕੁਝ ਸੈੱਲਾਂ ਵਿਚ ਪਾਏ ਜਾਂਦੇ ਹਨ ਜਾਂ ਫਿਰ ਇਹਨਾਂ ਨੂੰ ਪ੍ਰਯੋਗਸ਼ਾਲਾਵਾਂ ਵਿਚ ਪ੍ਰਯੋਗ ਲਈ ਬਣਾਇਆ ਜਾਂਦਾ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਕ ਸਿਹਤਮੰਦ ਇਨਸਾਨ ਦੇ ਸਰੀਰ ਦੇ ਸੈੱਲ ਵਿਚ ਚਾਰ ਹੈਲਿਕਸ ਡੀ.ਐੱਨ.ਏ. ਮਿਲਿਆ ਹੈ। ਇਹ ਵੀ ਸਥਾਈ ਹੈ, ਸੁਰੱਖਿਅਤ ਹੈ ਅਤੇ ਸਧਾਰਨ ਢੰਗ ਨਾਲ ਸਰੀਰ ਦੇ ਅੰਦਰ ਬਣਿਆ ਹੈ।
ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀ ਮਾਰਕੋ ਡੀ ਐਂਟੋਨਿਓ ਕਹਿੰਦੇ ਹਨ ਅਸੀਂ ਇਸ ਚਾਰ ਹੈਲਿਕਸ ਡੀ.ਐੱਨ.ਏ. ਨੂੰ ਦੇਖ ਕੇ ਹੈਰਾਨ ਹਾਂ। ਹੁਣ ਸਾਨੂੰ ਦੁਬਾਰਾ ਤੋਂ ਡੀ.ਐੱਨ.ਏ. ਦੀ ਬਣਾਵਟ ਦੇ ਅਧਿਐਨ ਦੀ ਨਵੀਂ ਸ਼ੁਰੂਆਤ ਕਰਨੀ ਪਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਡੀ.ਐੱਨ.ਏ. ਚਾਰ ਨਿਊਕਲੀਓਬੇਸ (Nucleobase) ਨਾਲ ਬਣਿਆ ਹੁੰਦਾ ਹੈ। ਇਹ ਹਨ ਐਡੀਨਿਨ (Adenine), ਸਾਈਟੋਸਿਨ (Cytosine), ਗੁਆਨਿਨ (Guanine) ਅਤੇ ਥਾਈਮੀਨ (Thymine)। ਇਹ ਚਾਰੇ ਸਰੀਰ ਦੇ ਅੰਦਰ ਅੰਗਾਂ ਦੇ ਨਿਰਮਾਣ ਦੀ ਲੋੜ ਦੇ ਹਿਸਾਬ ਨਾਲ ਆਪਸ ਵਿਚ ਜੁੜਦੇ ਹਨ।
ਚਾਰ ਹੈਲਿਕਸ ਵਾਲਾ ਡੀ.ਐੱਨ.ਏ. ਉਦੋ ਬਣਦਾ ਹੈ ਜਦੋਂ ਗੁਆਨਿਨ ਆਪਣੇ ਬੇਸ 'ਤੇ ਵਰਗਾਕਾਰ ਆਕ੍ਰਿਤੀ ਬਣਾਉਂਦਾ ਹੈ। ਡੀ.ਐੱਨ.ਏ. ਦੇ ਅੰਦਰ ਗੁਆਨਿਨ ਇਕੱਲਾ ਅਜਿਹਾ ਹਿੱਸਾ ਹੈ ਜੋ ਖੁਦ ਨਾਲ ਵੀ ਜੁੜ ਸਕਦਾ ਹੈ ਪਰ ਬਾਕੀ ਨਿਊਕਲੀਓਬੇਸ ਅਜਿਹਾ ਨਹੀਂ ਕਰ ਸਕਦੇ। ਮਾਰਕੋ ਡੀ ਐਂਟੋਨਿਓ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਡੀ.ਐੱਨ.ਏ. ਕੀ ਕਰਦਾ ਹੈ ਪਰ ਅਸੀਂ ਇਹ ਨਹੀਂ ਜਾਣਦੇ ਕਿ ਕਿਹੜੇ ਸੈੱਲ ਨੂੰ ਕਦੋਂ ਕਿਹੜੇ ਜੀਨਸ ਦੀ ਲੋੜ ਹੈ ਜਾਂ ਇਹ ਕਿੰਨਾ ਪ੍ਰੋਟੀਨ ਬਣਾਏਗੀ। ਪਰ ਹੁਣ ਡੀ.ਐੱਨ.ਏ. ਦੇ ਇਸ ਨਵੇਂ ਢਾਂਚੇ ਨਾਲ ਸਾਨੂੰ ਇਨਸਾਨੀ ਸਰੀਰ ਦੇ ਅੰਦਰ ਪ੍ਰੋਟੀਨ ਦੀ ਖਪਤ ਅਤੇ ਉਤਪਾਦਨ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਮਿਲੇਗੀ।
ਐਂਟੋਨਿਓ ਨੇ ਦੱਸਿਆ ਕਿ ਇਸ ਚਾਰ ਹੈਲਿਕਸ ਡੀ.ਐੱਨ.ਏ. ਦੀ ਮਦਦ ਨਾਲ ਜੈਨੇਟਿਕ ਕੋਡਿੰਗ ਸਮਝਣ ਵਿਚ ਆਸਾਨੀ ਹੋ ਸਕਦੀ ਹੈ। ਪਰ ਫਿਲਹਾਲ ਤਾਂ ਇਹ ਸਮਝਣਾ ਹੈ ਕਿ ਇਹ ਡੀ.ਐੱਨ.ਏ. ਬਣਿਆ ਕਿਵੇਂ। ਆਮਤੌਰ 'ਤੇ ਚਾਰ ਹੈਲਿਕਸ ਦਾ ਡੀ.ਐੱਨ.ਏ. ਕੈਂਸਰ ਦੇ ਸੈੱਲਾਂ ਵਿਚ ਪਾਇਆ ਜਾਂਦਾ ਹੈ ਪਰ ਸਾਨੂੰ ਇਕ ਅਚਾਨਕ ਸਿਹਤਮੰਦ ਵਿਅਕਤੀ ਦੇ ਸਰੀਰ ਤੋਂ ਮਿਲਿਆ ਹੈ। ਐਂਟੋਨਿਓ ਨੇ ਕਿਹਾ ਕਿ ਡੀ.ਐੱਨ.ਏ. 'ਤੇ ਇਕ ਐਪੀਜੈਨੇਟਿਕ ਮਾਰਕਰਸ ਹੁੰਦੇ ਹਨ ਜੋ ਸਰੀਰ ਦੇ ਅੰਦਰ ਜੀਨਸ ਦੇ ਘਟਣ ਜਾਂ ਵਧਣ ਦੀ ਪ੍ਰਕਿਰਿਆ ਦੇ ਦੌਰਾਨ ਦਿਖਾਈ ਦਿੰਦੇ ਹਨ। ਨਾਲ ਹੀ ਉਹ ਇਸ ਪ੍ਰਕਿਰਿਆ ਵਿਚ ਹਿੱਸਾ ਲੈਂਦੇ ਹਨ। ਅਜਿਹਾ ਲੱਗਦਾ ਹੈ ਕਿ ਚਾਰ ਹੈਲਿਕਸ ਡੀ.ਐੱਨ.ਏ. ਅਜਿਹਾ ਹੀ ਕੁਝ ਕੰਮ ਕਰਦਾ ਹੋਵੇਗਾ। ਯੂਕੇ ਦੀ ਯੂਨੀਵਰਸਿਟੀ ਆਫ ਈਸਟ ਐਂਗਲੀਆ ਦੇ ਜੋ ਵਾਲਰ ਕਹਿੰਦੇ ਹਨ ਕਿ ਚਾਰ ਹੈਲਿਕਸ ਡੀ.ਐੱਨ.ਏ. ਦਾ ਸਬੂਤ ਮਿਲਣਾ ਇਹ ਦੱਸਦਾ ਹੈ ਕਿ ਹੋ ਸਕਦਾ ਹੈ ਕਿ ਭਵਿੱਖ ਵਿਚ ਸਰੀਰ ਦਾ ਨਿਰਮਾਣ ਇਹਨਾਂ ਦੇ ਜ਼ਰੀਏ ਹੋਵੇ। ਭਾਵੇਂਕਿ ਹਾਲੇ ਅਸੀਂ ਇਸ ਨੂੰ ਡੀ.ਐੱਨ.ਏ. ਦਾ ਇਕ ਆਮ ਵਿਕਾਸ ਮੰਨ ਰਹੇ ਹਾਂ। ਜਦੋਂ ਤੱਕ ਕਿ ਹੈਲਿਕਸ ਡੀ.ਐੱਨ.ਏ. ਦਾ ਕੋਈ ਹੋਰ ਉਦਾਹਰਨ ਨਹੀਂ ਮਿਲ ਜਾਂਦਾ।