ਹੱਜ ਯਾਤਰਾ 2021 : ਵਿਦੇਸ਼ੀ ਸ਼ਰਧਾਲੂਆਂ ਨੂੰ ਮਿਲੀ ਹੱਜ ਕਰਨ ਦੀ ਇਜਾਜ਼ਤ, ਰੱਖੀ ਇਹ ਸ਼ਰਤ
Sunday, May 23, 2021 - 01:07 PM (IST)
ਰਿਆਦ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਨੇ ਹਰ ਵਰਗ ਨੂੰ ਆਪਣੇ ਧਾਰਮਿਕ ਤਿਉਹਾਰ ਮਨਾਉਣ ਵਿਚ ਰੁਕਾਵਟ ਪਾਈ ਹੈ। ਬੀਤੇ ਸਾਲ ਵਿਦੇਸ਼ੀ ਮੁਸਲਿਮ ਭਾਈਚਾਰੇ ਨੂੰ ਹੱਜ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਪਰ ਇਸ ਸਾਲ ਦੁਨੀਆ ਭਰ ਤੋਂ ਸਿਰਫ 60,000 ਵਿਦੇਸ਼ੀ ਸ਼ਰਧਾਲੂਆਂ ਨੂੰ ਹੱਜ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਸੰਬੰਧੀ ਘੋਸ਼ਣਾ ਵੀਰਵਾਰ ਨੂੰ ਕੀਤੀ ਗਈ। ਸਾਊਦੀ ਗਜ਼ਟ ਮੁਤਾਬਕ ਧਾਰਮਿਕ ਤੀਰਥ ਯਾਤਰਾ 2021 ਸੀਜ਼ਨ ਵਿਚ ਸਾਰਿਆਂ ਲਈ ਖੁੱਲ੍ਹੀ ਰਹੇਗੀ ਪਰ ਕੋਵਿਡ-19 ਨੂੰ ਧਿਆਨ ਵਿਚ ਰੱਖਦਿਆਂ ਸੁਰੱਖਿਆ ਨਿਯਮਾਂ ਦੀ ਪਾਲਣਾ ਜ਼ਰੂਰੀ ਹੋਵੇਗੀ।
ਹੱਜ 'ਤੇ ਸਿਰਫ ਉਹੀ ਲੋਕ ਜਾ ਸਕਣਗੇ ਜਿਹਨਾਂ ਦੀ ਟੀਕਾਕਰਨ ਹੋਇਆ ਹੋਵੇਗਾ। ਨਾਲ ਹੀ ਸਾਊਦੀ ਅਰਬ ਪਹੁੰਚਣ 'ਤੇ ਤਿੰਨ ਦਿਨ ਤੱਕ ਕੁਆਰੰਟੀਨ ਵਿਚ ਰਹਿਣਾ ਲਾਜ਼ਮੀ ਹੋਵੇਗਾ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨਿਯਮਿਤ ਹੱਜ ਯਾਤਰਾ ਨਹੀਂ ਹੋ ਸਕੀ ਸੀ। ਸਿਰਫ 1,000 ਸ਼ਰਧਾਲੂਆਂ ਨੂੰ ਤੀਰਥ ਯਾਤਰਾ ਦੀ ਇਜਾਜ਼ਤ ਮਿਲੀ ਸੀ।
ਇਸ ਤੋਂ ਪਹਿਲਾਂ ਹੱਜ ਨੂੰ ਲੈਕੇ ਪਿਛਲੇ ਸਾਲ ਦਸੰਬਰ ਵਿਚ ਇਕ ਰਿਪੋਰਟ ਜਾਰੀ ਹੋਈ ਸੀ। ਇਸ ਵਿਚ ਦੱਸਿਆ ਗਿਆ ਕਿ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਦੀ ਹੱਜ ਯਾਤਰਾ ਮਹਿੰਗੀ ਹੋਵੇਗੀ।ਇੱਥੇ ਦੱਸ ਦਈਏ ਕਿ ਹੱਜ ਯਾਤਰਾ ਦੁਨੀਆ ਭਰ ਦੇ ਮੁਸਲਮਾਨਾਂ ਲਈ ਸਭ ਤੋਂ ਮਹੱਤਵਪੂਰਨ ਰਸਮ ਹੈ, ਜਿਸ ਨੂੰ ਲੱਗਭਗ ਸਾਰੇ ਮੁਸਲਮਾਨ ਆਪਣੇ ਜੀਵਨਕਾਲ ਵਿਚ ਘੱਟੋ-ਘੱਟ ਇਕ ਵਾਰ ਜ਼ਰੂਰ ਕਰਨਾ ਚਾਹੁੰਦੇ ਹਨ। ਧਾਰਮਿਕ ਤੌਰ 'ਤੇ ਸਾਰੇ ਮੁਸਲਮਾਨਾਂ ਲਈ ਇਹ ਲਾਜ਼ਮੀ ਹੈ ਕਿ ਆਰਥਿਕ ਸਥਿਤੀ ਸਹੀ ਹੋਣ 'ਤੇ ਉਹਨਾਂ ਨੂੰ ਹੱਜ ਕਰਨਾ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਬਾਰਡਰ ਫੋਰਸ 'ਤੇ ਲੱਗਿਆ ਯਾਤਰਾ ਛੋਟਾਂ ਸੰਬੰਧੀ 'ਨਸਲਵਾਦ' ਦਾ ਦੋਸ਼
ਹੱਜ ਦਾ ਮਹੱਤਵ
ਕੁਰਾਨ ਇਸਲਾਮ ਦੇ ਪੰਜ ਥੰਮਾਂ ਦਾ ਜ਼ਿਕਰ ਕਰਦਾ ਹੈ। ਸ਼ਹਾਦਾ ਸਲਾਦ ਜਕਾਤ ਹੰਸ ਅਤੇ ਹੱਜ ਮੱਕਾ ਅਤੇ ਮਦੀਨਾ ਨੂੰ ਇਸਲਾਮ ਵਿਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਹ ਇਸਲਾਮ ਦਾ ਜਨਮ ਸਥਾਨ ਵੀ ਕਹਾਉਂਦਾ ਹੈ। ਮੱਕਾ ਇਕ ਅਜਿਹਾ ਸ਼ਹਿਰ ਹੈ ਜਿੱਥੇ ਪਹਿਲਾਂ ਅੱਲਾਹ ਲਈ ਨਮਾਜ਼ ਅਦਾ ਕਰਨ ਲਈ ਸਥਾਨ ਬਣਾਇਆ ਗਿਆ ਸੀ। ਹੱਜ ਇਸਲਾਮਿਕ ਕੈਲੰਡਰ ਦੇ 12ਵੇਂ ਮਹੀਨੇ ਮਕਲਬ ਜਿਲਹਿੱਜਾ ਦੀ 8ਵੀਂ ਤੋਂ 12ਵੀਂ ਤਾਰੀਖ਼ ਤੱਕ ਕੀਤਾ ਜਾਂਦਾ ਹੈ। ਹੱਜ ਯਾਤਰੀਆਂ ਨੇ ਸਫਾ ਅਤੇ ਮਰਵਾ ਨਾਮਕ ਦੋ ਪਹਾੜੀਆਂ ਵਿਚਕਾਰ 7 ਚੱਕਰ ਲਗਾਉਣੇ ਹੁੰਦੇ ਹਨ।
ਸਫਾ ਅਤੇ ਮਰਵਾ ਵਿਚਕਾਰ ਪੈਗੰਬਰ ਇਬਰਾਹਿਮ ਦੀ ਪਤਨੀ ਨੇ ਆਪਣੇ ਪੇਟੇ ਇਸਮਾਈਲ ਲਈ ਪਾਣੀ ਲੱਭਿਆ ਸੀ, ਇਸ ਮਗਰੋਂ ਮੱਕਾ ਤੋਂ ਕਰੀਬ 5 ਕਿਲੋਮੀਟਰ ਦੂਰ ਮਿਨਾ ਵਿਚ ਸਾਰੇ ਹਾਜੀ ਇਕੱਠਾ ਹੁੰਦੇ ਹਨ ਅਤੇ ਸ਼ਾਮ ਤੱਕ ਨਮਾਜ਼ ਪੜ੍ਹਦੇ ਹਨ। ਅਗਲੇ ਦਿਨ ਅਰਫਾਤ ਨਾਮਕ ਜਗ੍ਹਾ ਪਹੁੰਚ ਕੇ ਮੈਦਾਨ ਵਿਚ ਦੁਆ ਦਾ ਖਾਸ ਮਹੱਤਵ ਹੁੰਦਾ ਹੈ। ਅਰਫਾਤ ਤੋਂ ਮਿਨਾ ਪਰਤਣ ਮਗਰੋਂ ਹੱਜ ਯਾਤਰੀਆਂ ਨੂੰ ਸ਼ੈਤਾਨ ਦੇ ਬਣੇ ਪ੍ਰਤੀਕ ਤਿੰਨ ਖੰਭਿਆਂ 'ਤੇ ਪੱਥਰ ਮਾਰਨੇ ਪੈਂਦੇ ਹਨ। ਇਹ ਰਸਮ ਇਸ ਗੱਲ ਦਾ ਪ੍ਰਤੀਕ ਹੁੰਦੀ ਹੈ ਕਿ ਮੁਸਲਮਾਨ ਅੱਲਾਹ ਦੇ ਆਦੇਸ਼ ਦੇ ਅੱਗੇ ਸ਼ੈਤਾਨ ਨੂੰ ਰੁਕਾਵਟ ਨਹੀਂ ਬਣਨ ਦੇਣਗੇ।