ਸਾਊਦੀ ਅਰਬ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ’ਤੇ ਕੀਤੀ ਸਖ਼ਤੀ, ਹਫ਼ਤੇ ’ਚ 21 ਹਜ਼ਾਰ ਤੋਂ ਵੱਧ ਗ੍ਰਿਫ਼ਤਾਰ
Monday, Feb 10, 2025 - 08:38 AM (IST)
![ਸਾਊਦੀ ਅਰਬ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ’ਤੇ ਕੀਤੀ ਸਖ਼ਤੀ, ਹਫ਼ਤੇ ’ਚ 21 ਹਜ਼ਾਰ ਤੋਂ ਵੱਧ ਗ੍ਰਿਫ਼ਤਾਰ](https://static.jagbani.com/multimedia/2025_2image_08_37_311233271saudi.jpg)
ਰਿਆਦ (ਏਪੀ) : ਸਾਊਦੀ ਅਰਬ ਸਰਕਾਰ ਨੇ ਦੇਸ਼ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਹੈ। ਸਿਰਫ਼ ਇਕ ਹਫ਼ਤੇ (30 ਜਨਵਰੀ ਤੋਂ 5 ਫਰਵਰੀ) ’ਚ ਸਾਊਦੀ ਅਰਬ ’ਚ 21,477 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਾਊਦੀ ਸੁਰੱਖਿਆ ਬਲਾਂ ਨੇ ਸਬੰਧਤ ਸਰਕਾਰੀ ਏਜੰਸੀਆਂ ਦੇ ਸਹਿਯੋਗ ਨਾਲ ਦੇਸ਼ ’ਚ ਕਾਨੂੰਨੀ ਦਸਤਾਵੇਜ਼ਾਂ ਤੋਂ ਬਿਨਾਂ ਰਹਿਣ ਵਾਲੇ ਲੋਕਾਂ ਵਿਰੁੱਧ ਇਕ ਮੁਹਿੰਮ ਸ਼ੁਰੂ ਕੀਤੀ ਹੈ। ਸਾਊਦੀ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਕਿਹਾ ਹੈ ਕਿ ਉਹ ਭਵਿੱਖ ’ਚ ਵੀ ਅਜਿਹੀਆਂ ਮੁਹਿੰਮਾਂ ਜਾਰੀ ਰੱਖੇਗੀ ਅਤੇ ਸਖ਼ਤ ਕਾਰਵਾਈ ਕਰੇਗੀ।
ਸਾਊਦੀ ਗਜ਼ਟ ਦੀ ਰਿਪੋਰਟ ਮੁਤਾਬਕ, ਮੁਹਿੰਮ ਦੌਰਾਨ ਸਾਊਦੀ ਪੁਲਸ ਨੇ ਰਿਹਾਇਸ਼ੀ ਕਾਨੂੰਨਾਂ ਦੀ ਉਲੰਘਣਾ ਕਰਨ ਲਈ 13,638, ਸਰਹੱਦੀ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਨ ਲਈ 4,663 ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਲਈ 3,176 ਲੋਕਾਂ ਨੂੰ ਗ੍ਰਿਫਤਾਰ ਕੀਤਾ। ਕੁੱਲ 28,661 ਲੋਕਾਂ ਨੂੰ ਯਾਤਰਾ ਦਸਤਾਵੇਜ਼ਾਂ ਲਈ ਉਨ੍ਹਾਂ ਦੇ ਦੇਸ਼ਾਂ ਦੇ ਦੂਤਘਰਾਂ ’ਚ ਭੇਜਿਆ ਗਿਆ ਹੈ। ਇਸ ਦੇ ਨਾਲ ਹੀ 2919 ਲੋਕਾਂ ਨੂੰ ਉਨ੍ਹਾਂ ਦੀ ਯਾਤਰਾ ਦੀ ਬੁਕਿੰਗ ਪੂਰੀ ਕਰਨ ਲਈ ਭੇਜਿਆ ਗਿਆ, ਜਦ ਕਿ 8733 ਲੋਕਾਂ ਨੂੰ ਦੇਸ਼ ਤੋਂ ਕੱਢ ਦਿੱਤਾ ਗਿਆ।
ਇਹ ਵੀ ਪੜ੍ਹੋ : ਬਾਜ਼ਾਰ 'ਚ ਮਿਲਣ ਵਾਲੀਆਂ ਨਕਲੀ ਦਵਾਈਆਂ ਦੀ ਕਿਵੇਂ ਕਰੀਏ ਪਛਾਣ? ਇਹ ਟ੍ਰਿਕ ਦੱਸੇਗੀ ਦਵਾਈ ਅਸਲੀ ਹੈ ਜਾਂ ਨਕਲੀ
ਪਨਾਹ ਦੇਣ ਵਾਲਿਆਂ ਵਿਰੁੱਧ ਵੀ ਕਾਰਵਾਈ
1,316 ਲੋਕਾਂ ਨੂੰ ਸਾਊਦੀ ਅਰਬ ’ਚ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਚੋਂ 40 ਫੀਸਦੀ ਯਮਨ ਅਤੇ 58 ਫੀਸਦੀ ਇਥੋਪੀਆ ਦੇ ਨਾਗਰਿਕ ਹਨ। 77 ਲੋਕ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਛੱਡਣ ਦੀ ਕੋਸ਼ਿਸ਼ ਕਰਦੇ ਫੜੇ ਗਏ ਹਨ।
ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਿਆਉਣ, ਉਨ੍ਹਾਂ ਨੂੰ ਪਨਾਹ ਦੇਣ ਅਤੇ ਨੌਕਰੀਆਂ ਪ੍ਰਦਾਨ ਕਰਨ ’ਚ ਮਦਦ ਕਰਨ ਦੇ ਦੋਸ਼ ’ਚ 13 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਕੁੱਲ 37,120 ਗੈਰ-ਕਾਨੂੰਨੀ ਨਿਵਾਸੀ ਇਸ ਵੇਲੇ ਕਾਨੂੰਨੀ ਕਾਰਵਾਈ ਦੇ ਦੌਰ ’ਚੋਂ ਲੰਘ ਰਹੇ ਹਨ। ਇਨ੍ਹਾਂ ’ਚੋਂ 33,547 ਮਰਦ ਅਤੇ 3,573 ਔਰਤਾਂ ਹਨ। ਸਾਊਦੀ ਗ੍ਰਹਿ ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਾਊਦੀ ਅਰਬ ’ਚ ਲਿਆਉਣ ਜਾਂ ਲਿਜਾਣ ’ਚ ਮਦਦ ਕਰੇਗਾ, ਉਸ ਨੂੰ 15 ਸਾਲ ਤੱਕ ਦੀ ਜੇਲ ਹੋ ਸਕਦੀ ਹੈ।
ਇਹ ਵੀ ਪੜ੍ਹੋ : ਅਹਿਮ ਖਬਰ; ਸਾਊਦੀ ਅਰਬ ਨੇ ਭਾਰਤ ਸਣੇ 14 ਦੇਸ਼ਾਂ ਲਈ ਬਦਲੇ ਵੀਜ਼ਾ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8