ਸਾਊਦੀ ਸ਼ਾਹ ਸਲਮਾਨ ਦੇ ਭਰਾ ਦੀ 96 ਸਾਲ ਦੀ ਉਮਰ ''ਚ ਹੋਈ ਮੌਤ

07/29/2019 2:00:47 PM

ਰਿਆਦ (ਭਾਸ਼ਾ)— ਸਾਊਦੀ ਅਰਬ ਦੇ ਸ਼ਾਹ ਸਲਮਾਨ ਦੇ ਭਰਾ ਦੀ ਐਤਵਾਰ ਨੂੰ ਮੌਤ ਹੋ ਗਈ। ਸੋਮਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਾਊਦੀ ਪ੍ਰੈੱਸ ਏਜੰਸੀ 'ਤੇ ਜਾਰੀ ਇਕ ਸੰਖੇਪ ਬਿਆਨ ਵਿਚ ਸ਼ਾਹੀ ਪਰਿਵਾਰ ਨੇ ਐਤਵਾਰ ਨੂੰ ਕਿਹਾ,''ਮਹਾਨ ਸ਼ਹਿਜਾਦੇ ਬੰਦਰ ਬਿਨ ਅਬਦੁੱਲਅਜ਼ੀਜ਼ ਅਲ ਸਊਦ ਦੀ ਮੌਤ ਹੋ ਗਈ।'' ਸ਼ਾਹੀ ਪਰਿਵਾਰ ਨੇ ਕਿਹਾ,''ਸੋਮਵਾਰ ਨੂੰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਮੱਕਾ ਦੀ ਗ੍ਰਾਂਡ ਮਸਜਿਦ ਵਿਚ ਜਨਾਜੇ ਦੀ ਨਮਾਜ਼ ਪੜ੍ਹੀ ਜਾਵੇਗੀ।'' 

ਸ਼ਹਿਜਾਦੇ ਸਾਊਦੀ ਅਰਬ ਦੀ ਸ਼ਾਹੀ ਵਿਵਸਥਾ ਦੇ ਸੰਸਥਾਪਕ ਸ਼ਾਹ ਅਬਦੁੱਲਅਜ਼ੀਜ਼ ਦੇ ਸਭ ਤੋਂ ਵੱਡੇ ਜਿਉਂਦੇ ਬੇਟੇ ਸਨ। ਸ਼ਾਹੀ ਪਰਿਵਾਰ ਨੇ ਸ਼ਹਿਜਾਦੇ ਬੰਦਰ ਬਿਨ ਅਬਦੁੱਲਅਜ਼ੀਜ਼ ਅਲ ਸਊਦ ਦੀ ਮੌਤ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਪਰ ਕੁਝ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਉਹ ਕੁਝ ਸਾਲਾਂ ਤੋਂ ਬੀਮਾਰ ਸਨ। ਦੱਸਿਆ ਜਾਂਦਾ ਹੈ ਕਿ ਉਹ ਸ਼ਾਹੀ ਪਰਿਵਾਰ ਅਲ ਸਊਦ ਦੇ ਰਾਜਨੀਤਕ ਰੂਪ ਨਾਲ ਸਰਗਰਮ ਮੈਂਬਰ ਨਹੀਂ ਸਨ। ਇਸ ਪਰਿਵਾਰ ਵਿਚ ਹਜ਼ਾਰਾਂ ਮੈਂਬਰ ਹਨ, ਜਿਨ੍ਹਾਂ ਵਿਚੋਂ ਕੁਝ ਲੋਕਾਂ ਦਾ ਹੀ ਦੇਸ਼ 'ਤੇ ਸਿੱਧਾ ਪ੍ਰਭਾਵ ਹੈ।


Vandana

Content Editor

Related News