ਇੰਗਲੈਂਡ 'ਚ ਪੰਜਾਬਣ ਦਾ ਕਤਲ, ਪੁਲਸ ਨੇ 3 ਲੋਕਾਂ ਨੂੰ ਲਿਆ ਹਿਰਾਸਤ 'ਚ
Friday, Mar 09, 2018 - 03:27 PM (IST)

ਲੰਡਨ, (ਰਾਜਵੀਰ ਸਮਰਾ)— ਬਰਤਾਨੀਆ ਦੇ ਸ਼ਹਿਰ ਵੁਲਵਰਹੈਂਪਟਨ 'ਚ ਕਤਲ ਹੋਈ ਸਰਬਜੀਤ ਕੌਰ ਢੰਡਾ ਦੀ ਮੌਤ ਸਬੰਧੀ ਪੁਲਸ ਨੇ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। |38 ਸਾਲਾ ਸਰਬਜੀਤ ਕੌਰ ਆਪਣੇ ਹੀ ਘਰ 'ਚ 16 ਫਰਵਰੀ, 2018 ਨੂੰ ਸ਼ਾਮ 4 ਵਜੇ ਮ੍ਰਿਤਕ ਹਾਲਤ 'ਚ ਪਾਈ ਗਈ ਸੀ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਰਬਜੀਤ ਕੌਰ 'ਤੇ ਹਮਲਾ ਹੋਇਆ ਸੀ ਅਤੇ ਉਸ ਦੀ ਮੌਤ ਲਾਸ਼ ਮਿਲਣ ਤੋਂ ਕਈ ਘੰਟੇ ਪਹਿਲਾਂ ਹੋ ਚੁੱਕੀ ਸੀ। ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਸਾਹ ਘੁੱਟ ਹੋਣ ਕਾਰਨ ਹੋਈ ਹੈ। ਸਰਬਜੀਤ ਦੀ ਲਾਸ਼ ਰੌਕਰੀ ਲੇਨ, ਪਿੰਨ ਇੰਨ ਵੁਲਵਰਹੈਂਪਟਨ ਵਿਖੇ ਮਿਲੀ ਸੀ।|ਘਰ 'ਚੋਂ ਕੁਝ ਗਹਿਣੇ ਵੀ ਗੁੰਮ ਸਨ ਅਤੇ ਇਸੇ ਲਈ ਉਸ ਦੀ ਮੌਤ ਦਾ ਕਾਰਨ ਡਕੈਤੀ ਨੂੰ ਵੀ ਮੰਨਿਆ ਜਾ ਰਿਹਾ ਹੈ।
ਜਾਂਚ ਅਧਿਕਾਰੀ ਪੁਲਸ ਇੰਸਪੈਕਟਰ ਜੇਮਜ਼ ਮੁਨਰੋ ਨੇ ਕਿਹਾ ਕਿ ਇਲਾਕੇ 'ਚ ਏਸ਼ੀਅਨ ਸੋਨਾ ਚੋਰੀ ਜਾਂ ਲੁੱਟਣ ਲਈ ਕਈ ਵਾਰਦਾਤਾਂ ਹੋਈਆਂ ਹਨ ਪਰ ਇਸ ਤਰ੍ਹਾਂ ਦੀ ਹਿੰਸਕ ਘਟਨਾ ਨਹੀਂ ਹੋਈ। ਪੁਲਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਤਲ ਕਿਸੇ ਗਾਹਕ ਵਲੋਂ ਵੀ ਕੀਤਾ ਗਿਆ ਹੋ ਸਕਦਾ ਹੈ ਕਿਉਂਕਿ ਸਰਬਜੀਤ ਆਪਣੇ ਘਰ 'ਚ ਕੱਪੜੇ ਸਿਊਣ ਦਾ ਕੰਮ ਕਰਦੀ ਸੀ।|ਪੁਲਸ ਵੱਲੋਂ ਮੰਗਲਵਾਰ ਰਾਤ ਨੂੰ ਇਕ 39 ਸਾਲਾ ਔਰਤ ਅਤੇ 42 ਤੇ 32 ਸਾਲਾ ਵਿਅਕਤੀਆਂ ਨੂੰ ਵੁਲਵਰਹੈਂਪਟਨ ਦੀਆਂ ਵੱਖ-ਵੱਖ ਥਾਵਾਂ ਤੋਂ ਹਿਰਾਸਤ 'ਚ ਲਿਆ ਗਿਆ। ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਦਾ ਪਿਛੋਕੜ ਪੰਜਾਬ ਤੋਂ ਹੈ ਜਿੱਥੋਂ ਉਹ ਜੁਲਾਈ 2015 'ਚ ਗੁਰਪ੍ਰੀਤ ਸਿੰਘ ਢੰਡਾ ਨਾਲ ਵਿਆਹ ਕਰਵਾ ਕੇ ਯੂ.ਕੇ. ਆਈ ਸੀ।