ਸੁਪਰ ਬਾਲ ''ਚ ਪਹਿਲੀ ਮਹਿਲਾ ਰੈਫਰੀ ਬਣੀ ਸਾਰਾਹ ਥੌਮਸ, ਰਚਿਆ ਇਤਿਹਾਸ
Tuesday, Feb 09, 2021 - 10:50 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਸਾਰਾਹ ਥੌਮਸ ਨੇ ਐਤਵਾਰ ਨੂੰ ਸੁਪਰ ਬਾਲ ਖੇਡਾਂ ਵਿਚ ਪਹਿਲੀ ਮਹਿਲਾ ਰੈਫਰੀ ਵਜੋਂ ਇਤਿਹਾਸ ਰਚਿਆ ਹੈ। ਇਨ੍ਹਾਂ ਖੇਡਾਂ ਵਿਚ ਸਾਰਾਹ ਥੌਮਸ ਸੱਤ ਵਿਅਕਤੀਆਂ ਦੇ ਮੁੱਖ ਰੈਫਰੀ ਦਲ ਦਾ ਹਿੱਸਾ ਬਣੀ ਹੈ।
ਸਾਰਾਹ ਦੇ ਸ਼ਾਮਲ ਹੋਣ ਦੀ ਘੋਸ਼ਣਾ ਕਰਦੇ ਹੋਏ ਐੱਨ. ਐੱਫ. ਐੱਲ. ਫੁੱਟਬਾਲ ਆਪਰੇਸ਼ਨਾਂ ਦੇ ਕਾਰਜਕਾਰੀ ਉਪ ਪ੍ਰਧਾਨ ਟ੍ਰੋਏ ਵਿਨਸੈਂਟ ਨੇ ਰੈਫਰੀਆਂ ਦੇ ਇਸ ਸਮੂਹ ਨੂੰ ਸਭ ਤੋਂ ਵਧੀਆ ਕਿਹਾ ਹੈ। ਵਿਨਸੇਂਟ ਅਨੁਸਾਰ ਸਾਰਾ ਥਾਮਸ ਨੇ ਪਹਿਲੀ ਮਹਿਲਾ ਸੁਪਰ ਬਾਲ ਅਧਿਕਾਰੀ ਵਜੋਂ ਸੇਵਾ ਦੇ ਕੇ ਇਤਿਹਾਸ ਰਚਿਆ ਹੈ ਅਤੇ ਉਸ ਦੀ ਉੱਤਮ ਕਾਰਗੁਜ਼ਾਰੀ ਅਤੇ ਵਚਨਬੱਧਤਾ ਸਦਕਾ ਉਸ ਨੂੰ ਸੁਪਰ ਬਾਲ ਦਾ ਇਹ ਅਧਿਕਾਰ ਪ੍ਰਾਪਤ ਹੋਇਆ ਹੈ।
ਇਸ ਗਰੁੱਪ ਵਿਚ ਸਾਰਾਹ ਦੇ ਨਾਲ ਹੋਰ ਪੁਰਾਣੇ ਰੈਫਰੀ ਫਰੇਡ ਬ੍ਰਾਇਨ, ਰੱਸਟੀ ਬਾਏਨਸ, ਜੇਮਜ਼ ਕੋਲਮੈਨ, ਡੀਨੋ ਪੈਗਨੇਲੀ, ਕਾਰਲ ਸ਼ੈਫਰਸ ਅਤੇ ਮਾਈਕ ਵਿਮਰ ਆਦਿ ਸ਼ਾਮਲ ਹਨ। ਇਸ ਸਮੂਹ ਕੋਲ 88 ਸਾਲਾਂ ਦਾ ਐੱਨ. ਐੱਫ. ਐੱਲ. ਦਾ ਤਜ਼ਰਬਾ ਅਤੇ 77 ਸੰਯੁਕਤ ਪਲੇਅ ਆਫ ਗੇਮ ਅਸਾਈਨਮੈਂਟ ਹਨ, ਜਿਨ੍ਹਾਂ ਵਿਚ ਪਿਛਲੇ ਸਾਲਾਂ ਦੇ ਸੁਪਰ ਬਾਲਜ਼ ਸ਼ਾਮਲ ਹਨ। ਸਾਰਾਹ ਥੌਮਸ ਦੋ ਸਾਲ ਪਹਿਲਾਂ ਐੱਨ. ਐੱਫ. ਐੱਲ. ਪਲੇਆਫ ਗੇਮ ਵਿਚ ਪਹਿਲੀ ਮਹਿਲਾ ਰੈਫਰੀ ਸੀ ਅਤੇ ਇਸ ਦੇ ਨਾਲ ਹੀ ਉਹ ਐੱਨ. ਐੱਫ. ਐੱਲ. ਵਿਚ ਪਹਿਲੀ ਫੁੱਲ ਟਾਈਮ ਮਹਿਲਾ ਰੈਫਰੀ ਵੀ ਸੀ ।