ਟਰੰਪ ਦੀ ਬੁਲਾਰਾ ਸਾਰਾ ਸੈਂਡਰਸ ਨੂੰ ਰੈਸਟੋਰੈਂਟ ਨੇ ਕੀਤਾ ਬਾਹਰ

06/24/2018 11:46:12 AM

ਵਾਸ਼ਿੰਗਟਨ (ਭਾਸ਼ਾ)— ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨਾਲ ਸ਼ੁੱਕਰਵਾਰ ਨੂੰ ਇਕ ਘਟਨਾ ਵਾਪਰੀ। ਟਰੰਪ ਪ੍ਰਸ਼ਾਸਨ ਵਿਚ ਕੰਮ ਕਰਨ ਦਾ ਹਵਾਲਾ ਦਿੰਦੇ ਹੋਏ ਵਰਜੀਨੀਆ ਸਥਿਤ ਇਕ ਰੈਸਟੋਰੈਂਟ ਦੀ ਮਾਲਕ ਨੇ ਸਾਰਾ ਨੂੰ ਆਪਣੇ ਇੱਥੇ ਸੇਵਾਵਾਂ ਦੇਣ ਤੋਂ ਮਨਾ ਕਰਦਿਆਂ ਬਾਹਰ ਚਲੇ ਜਾਣ ਲਈ ਕਿਹਾ। ਸ਼ੁੱਕਰਵਾਰ ਨੂੰ ਇਕ ਫੇਸਬੁੱਕ ਯੂਜ਼ਰ ਨੇ ਖੁਦ ਨੂੰ ਵਰਜੀਨੀਆ ਦੇ 'ਦੀ ਰੈੱਡ ਹੈਨ' ਰੈਸਟੋਰੈਂਟ ਦਾ ਵੇਟਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਰਾ ਸੈਂਡਰਸ ਨੂੰ ਸਿਰਫ '2 ਮਿੰਟ ਦੀ ਸੇਵਾ' ਦਿੱਤੀ ਅਤੇ ਉਸ ਮਗਰੋਂ ਸਾਰਾ ਅਤੇ ਉਨ੍ਹਾਂ ਨਾਲ ਆਏ ਲੋਕਾਂ ਨੂੰ ਬਾਹਰ ਜਾਣ ਲਈ ਕਹਿ ਦਿੱਤਾ। ਸੈਂਡਰਸ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ,''ਕੱਲ ਰਾਤ ਮੈਨੂੰ ਲੈਕਿੰਸਗਟਨ ਵਿਚ ਸਥਿਤ ਰੈੱਡ ਹੈਨ ਰੈਸਟੋਰੈਂਟ ਨੇ ਉੱਥੋਂ ਬਾਹਰ ਕੱਢ ਦਿੱਤਾ ਕਿਉਂਕਿ ਮੈਂ ਟਰੰਪ ਪ੍ਰਸ਼ਾਸਨ ਵਿਚ ਕੰਮ ਕਰਦੀ ਹਾਂ। ਮੈਂ ਨਿਮਰਤਾ ਪੂਰਵਕ ਉੱਥੋ ਨਿਕਲ ਗਈ।'' 
ਇਸ ਰੈਸਟੋਰੈਂਟ ਦੀ ਮਾਲਕ ਸਟੇਫਨੀ ਵਿਲੀਂਕਨਸਨ ਨੇ ਕਿਹਾ,''ਸਾਰਾ ਦਾ ਕੰਮ ਮੇਰੇ ਵਿਵਹਾਰ ਨਾਲੋਂ ਕੁਝ ਜ਼ਿਆਦਾ  ਕਹਿੰਦਾ ਹੈ। ਮੈਂ ਹਮੇਸ਼ਾ ਲੋਕਾਂ ਨਾਲ ਚੰਗਾ ਵਿਵਹਾਰ ਕਰਦੀ ਹਾਂ। ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਨਾਲ ਵੀ, ਜਿਨ੍ਹਾਂ ਨਾਲ ਮੈਂ ਸਹਿਮਤ ਨਹੀਂ ਹਾਂ।'' ਸਟੇਫਨੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਹ ਰਾਸ਼ਟਰਪਤੀ ਦੀਆਂ ''ਬੇਰਹਿਮ ਨੀਤੀਆਂ' ਦਾ ਬਚਾਅ ਕਰਨ ਵਾਲਿਆਂ ਨੂੰ ਸਵੀਕਾਰ ਨਹੀਂ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਜ਼ਿਆਦਾਤਰ ਕਰਮਚਾਰੀ ਸਮਲਿੰਗੀ ਹਨ ਅਤੇ ਸਾਰਾ ਸੈਂਡਰਸ ਨੇ ਹਥਿਆਰਬੰਦ ਫੌਜਾਂ ਤੋਂ ਟਰਾਂਸਜੈਂਡਰਾਂ ਨੂੰ ਵੱਖ ਕਰਨ ਦੀ ਟਰੰਪ ਦੀ ਇੱਛਾ ਦਾ ਬਚਾਅ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ ਦੀਆਂ ਨੀਤੀਆਂ ਦਾ ਬੁਲਾਰਾ ਵੱਲੋਂ ਬਚਾਅ ਕੀਤੇ ਜਾਣ ਨਾਲ ਉਹ ਹੈਰਾਨ ਰਹਿ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੈਸਟੋਰੈਂਟ ਦੇ ਕੁਝ ਮਾਪਦੰਡ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ ਈਮਾਨਦਾਰੀ, ਦਇਆ, ਅਤੇ ਸਹਿਯੋਗ। ਅਸਲ ਵਿਚ ਅਮਰੀਕਾ ਵਿਚ ਇਸ ਤੋਂ ਪਹਿਲਾਂ ਵੀ ਹਾਲ ਵਿਚ ਹੀ ਅੰਦਰੂਨੀ ਸੁਰੱਖਿਆ ਮੰਤਰੀ ਕ੍ਰਿਸਟੇਜਨ ਨੀਲਸਨ ਨੂੰ ਰੈਸਟੋਰੈਂਟ ਵਿਚ ਪ੍ਰਦਰਸ਼ਨਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ।
 


Related News