ਤੁਸੀਂ ਵੀ ਦੇਖਣਾ ਚਾਹੁੰਦੇ ਹੋ ਸਾਂਤਾ ਦਾ ਪਿੰਡ ਤਾਂ ਪੜ੍ਹੋ ਇਹ ਖ਼ਾਸ ਖ਼ਬਰ

Friday, Dec 25, 2020 - 08:56 AM (IST)

ਫਿਨਲੈਂਡ (ਏਜੰਸੀ)— ਬਚਪਨ 'ਚ ਤੁਸੀਂ ਵੀ ਸਾਂਤਾ ਕਲਾਜ਼ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਕਾਗਜ਼ ਦੇ ਟੁਕੜਿਆਂ 'ਤੇ ਕਈ ਇੱਛਾਵਾਂ ਲਿਖ ਕੇ ਲੋਕ ਇਨ੍ਹਾਂ ਦੇ ਪੂਰੀ ਹੋਣ ਦੀ ਉਡੀਕ ਕਰਦੇ ਹਨ। ਕਈ ਵਾਰ ਲੋਕ ਸੋਚਦੇ ਹਨ ਕਿ ਸਾਂਤਾ ਕਲਾਜ਼ ਸੱਚ-ਮੁੱਚ ਹੁੰਦਾ ਹੈ ਜਾਂ ਸਿਰਫ ਕਹਾਣੀਆਂ 'ਚ ਹੀ ਹੈ, ਤਾਂ ਫਿਰ ਆਓ ਅੱਜ ਅਸੀਂ ਤੁਹਾਨੂੰ ਇਸੇ ਬਾਰੇ ਖਾਸ ਜਾਣਕਾਰੀ ਦਿੰਦੇ ਹਾਂ—

PunjabKesari

ਫਿਨਲੈਂਡ 'ਚ ਵੱਸਿਆ ਹੈ ਸਾਂਤਾ ਕਲਾਜ਼ ਦਾ ਪਿੰਡ—

ਫਿਨਲੈਂਡ 'ਚ ਰੋਵਾਨਿਏਮੀ ਨੂੰ ਸਾਂਤਾ ਦਾ ਪਿੰਡ ਕਿਹਾ ਜਾਂਦਾ ਹੈ। ਇੱਥੇ ਕੜਾਕੇ ਦੀ ਠੰਡ ਪੈਂਦੀ ਹੈ। 6 ਮਹੀਨੇ ਦਿਨ ਅਤੇ 6 ਮਹੀਨੇ ਰਾਤ ਵਾਲਾ ਇਹ ਦੇਸ਼ 12 ਮਹੀਨੇ ਬਰਫ ਦੀ ਚਾਦਰ 'ਚ ਹੀ ਢਕਿਆ ਰਹਿੰਦਾ ਹੈ। ਰੋਵਾਨਿਏਮੀ 'ਚ ਇਕ ਛੋਟਾ ਜਿਹਾ ਪਿੰਡ ਹੈ ਜਿਸ ਨੂੰ ਸਾਂਤਾ ਵਿਲੇਜ ਕਿਹਾ ਜਾਂਦਾ ਹੈ। ਇਸ ਪਿੰਡ 'ਚ ਇਕ ਲੰਬੀ ਚਿੱਟੀ ਦਾੜ੍ਹੀ ਵਾਲਾ, ਲੰਲ ਰੰਗ ਦੇ ਕੱਪੜੇ ਪਾਉਣ ਵਾਲਾ ਵਿਅਕਤੀ ਰਹਿੰਦਾ ਹੈ, ਜਿਸ ਨੂੰ ਲੋਕ ਅਸਲੀ ਸਾਂਤਾ ਕਲਾਜ਼ ਕਹਿੰਦੇ ਹਨ। ਇਸ ਪਿੰਡ ਦੀ ਖਾਸੀਅਤ ਹੈ ਕਿ ਇੱਥੇ ਅੰਦਰ ਆਉਂਦਿਆਂ ਹੀ ਲੱਕੜ ਦੀਆਂ ਝੌਂਪੜੀਆਂ ਦਿਖਾਈ ਦਿੰਦੀਆਂ ਹਨ। ਇੱਥੇ ਦਾ ਹਰ ਇਕ ਨਜ਼ਾਰਾ ਬਚਪਨ 'ਚ ਸੁਣੀਆਂ ਕਹਾਣੀਆਂ ਨੂੰ ਅਸਲ 'ਚ ਹੋਣ ਦਾ ਅਹਿਸਾਸ ਕਰਵਾਉਂਦਾ ਹੈ।

PunjabKesari

ਸਾਂਤਾ ਦੀ ਝੌਂਪੜੀ—

ਇਸ ਪਿੰਡ 'ਚ ਇਕ ਅਜਿਹੀ ਝੌਂਪੜੀ ਹੈ, ਜਿੱਥੇ ਸਾਂਤਾ ਅਤੇ ਉਸ ਦੀ ਪਤਨੀ ਰਹਿੰਦੇ ਹਨ। ਲਾਲ ਅਤੇ ਚਿੱਟੇ ਰੰਗ ਨਾਲ ਸਜਾਈ ਹੋਈ ਸਾਂਤਾ ਦੀ ਝੌਂਪੜੀ 'ਚ ਖਾਸ ਚੀਜ਼ ਦੂਰੋਂ ਹੀ ਦਿਖਾਈ ਦਿੰਦੀ ਹੈ, ਉਹ ਹੈ ਬੱਚਿਆਂ ਵਲੋਂ ਭੇਜੀਆਂ ਗਈਆਂ ਚਿੱਠੀਆਂ ਦਾ ਵੱਡਾ ਢੇਰ। ਸਾਂਤਾ ਇਨ੍ਹਾਂ ਚਿੱਠੀਆਂ ਨੂੰ ਸੰਭਾਲ ਕੇ ਰੱਖਦੇ ਹਨ ਅਤੇ ਪੜ੍ਹਦੇ ਹਨ। ਉਨ੍ਹਾਂ ਦੇ ਘਰ ਦਾ ਇਕ ਹਿੱਸਾ ਅਜਿਹਾ ਹੈ, ਜਿੱਥੇ ਉਹ ਲੋਕਾਂ ਨੂੰ ਮਿਲਦੇ ਹਨ। ਲੋਕ ਇਸ ਪਿੰਡ 'ਚ ਘੁੰਮਦੇ ਹਨ ਅਤੇ ਸਾਂਤਾ ਨਾਲ ਤਸਵੀਰਾਂ ਖਿਚਵਾਉਂਦੇ ਹਨ।

PunjabKesari

ਸਾਂਤਾ ਦੀ ਆਈਸ ਪਾਰਕ—

ਸਾਂਤਾ ਦਾ ਇਹ ਪਾਰਕ ਉਨ੍ਹਾਂ ਦੀ ਝੌਂਪੜੀ ਤੋਂ ਥੋੜੀ ਦੂਰੀ 'ਤੇ ਬਣਿਆ ਹੈ। ਇਸ ਪਾਰਕ 'ਚ ਥੋੜੀ ਜਿਹੀ ਐਂਟਰੀ ਫੀਸ ਲੱਗਦੀ ਹੈ ਪਰ ਖਾਸ ਗੱਲ ਇਹ ਹੈ ਕਿ ਇਸ ਮਗਰੋਂ ਪੂਰੇ ਦਿਨ 'ਚ ਕਈ ਵਾਰ ਤੁਸੀਂ ਪਾਰਕ 'ਚ ਆ-ਜਾ ਸਕਦੇ ਹੋ। ਦਿਨ ਖਤਮ ਹੁੰਦਿਆਂ ਹੀ ਇਸ ਟਿਕਟ ਦੀ ਵੈਲਿਡਿਟੀ ਖਤਮ ਹੋ ਜਾਂਦੀ ਹੈ। ਇੱਥੇ ਝੂਲੇ, ਆਈਸ ਹਾਊਸ ਅਤੇ ਅੱਗ ਸੇਕਣ ਲਈ ਖਾਸ ਹਿੱਸਾ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- ਇੰਗਲੈਂਡ ਲਈ ਇਟਲੀ ਨੇ ਸ਼ੁਰੂ ਕੀਤੀਆਂ ਵਿਸ਼ੇਸ਼ ਉਡਾਣਾਂ, ਮੰਨਣੀਆਂ ਪੈਣਗੀਆਂ ਇਹ ਸ਼ਰਤਾਂ

PunjabKesari

ਇੰਝ ਪੁੱਜ ਸਕਦੇ ਹੋ ਸਾਂਤਾ ਦੇ ਪਿੰਡ—

ਇਸ ਖੂਬਸੂਰਤ ਥਾਂ ਨੂੰ ਅਸਲ 'ਚ ਦੇਖਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਰੋਵਾਨਿਏਮੀ ਸਿਟੀ ਪੁੱਜਣਾ ਪਵੇਗਾ। ਇਸ ਦੇ ਲਈ ਤੁਸੀਂ ਹੋਲੰਸਿਕੀ ਜੋ ਕਿ ਫਿਨਲੈਂਡ ਦੀ ਰਾਜਧਾਨੀ ਹੈ ਤੋਂ ਫਲਾਈਟ ਲੈ ਸਕਦੇ ਹੋ। ਫਿਰ ਤੁਸੀਂ ਸੁਪਨਿਆਂ ਦੇ ਇਸ ਪਿੰਡ 'ਚ ਪੁੱਜ ਸਕਦੇ ਹੋ। ਇਸ ਮਗਰੋਂ ਤੁਸੀਂ ਰੋਵਾਨਿਏਮੀ ਤੋਂ 8 ਕਿਲੋਮੀਟਰ ਦੂਰ ਸਥਿਤ ਲੈਪਲੈਂਡ ਜਾਣ ਲਈ ਹਰ ਘੰਟੇ ਚੱਲਣ ਵਾਲੀ ਸਾਂਤਾ ਐਕਸਪ੍ਰੈੱਸ ਲੈ ਕੇ ਇੱਥੇ ਪੁੱਜ ਸਕਦੇ ਹੋ। ਜੇਕਰ ਤੁਸੀਂ ਸਾਂਤਾ ਐਕਸਪ੍ਰੈੱਸ 'ਚ ਨਹੀਂ ਆਉਣਾ ਚਾਹੁੰਦੇ ਤਾਂ ਲੋਕਲ ਬੱਸ ਜਾਂ ਟੈਕਸੀ ਵੀ ਕਰ ਸਕਦੇ ਹੋ।

ਕੀ ਤੁਸੀਂ ਵੀ ਕਦੇ ਸਾਂਤਾ ਨੂੰ ਚਿੱਠੀ ਲਿਖ ਕੇ ਆਪਣੀ ਇੱਛਾ ਦੱਸੀ ਹੈ? ਕੁਮੈਂਟ ਬਾਕਸ ਵਿਚ ਦਿਓ ਰਾਇ


Lalita Mam

Content Editor

Related News