ਰਾਸ਼ਟਰਪਤੀ ਉਮੀਦਵਾਰ ਬਰਨੀ ਨੇ ਟਰੰਪ ''ਤੇ ਚੁੱਕੇ ਸਵਾਲ, ਰੂਸੀ ਦਖਲ ਦੀ ਕੀਤੀ ਨਿੰਦਾ

02/23/2020 4:29:34 PM

ਵਾਸ਼ਿੰਗਟਨ- ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਰਨੀ ਸੈਂਡਰਸ ਨੇ ਇਕ ਵਾਰ ਮੁੜ ਰਾਸ਼ਟਰਪਤੀ ਚੋਣ ਵਿਚ ਰੂਸ ਦੀ ਦਖਲ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਸਾਫ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਅਮਰੀਕੀ ਚੋਣ ਤੋਂ ਦੂਰ ਰਹਿਣ। ਨਾਲ ਹੀ ਅਮਰੀਕੀ ਚੋਣ ਵਿਚ ਇਕ ਵਾਰ ਮੁੜ ਰੂਸ ਦੀ ਦਖਲ ਦੀ ਚਰਚਾ ਸ਼ੁਰੂ ਹੋ ਗਈ ਹੈ। ਉਹਨਾਂ ਦਾ ਇਹ ਬਿਆਨ ਅਜਿਹੇ ਵੇਲੇ ਵਿਚ ਆਇਆ ਹੈ ਜਦੋਂ ਸੀਨੀਅਰ ਖੂਫੀਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੂਸ ਰਾਸ਼ਟਰਪਤੀ ਟਰੰਪ ਦੀ ਜਿੱਤ ਵਿਚ ਮਦਦ ਕਰਨ ਦੇ ਲਈ ਨਵੰਬਰ ਦੀਆਂ ਚੋਣਾਂ ਵਿਚ ਦਖਲ ਕਰਨਾ ਚਾਹ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਹੁਣ ਇਹ ਬਹਿਸ ਇਕ ਵਾਰ ਫਿਰ ਤੇਜ਼ ਹੋ ਗਈ ਹੈ।

ਅਮਰੀਕੀ ਲੋਕਤੰਤਰ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਰੂਸ
ਸੈਂਡਰਸ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਰੂਸ ਸਾਨੂੰ ਵੰਡ ਕੇ ਅਮਰੀਕੀ ਲੋਕਤੰਤਰ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਤੇ ਉਹਨਾਂ ਦਾ ਸਾਥ ਵਰਤਮਾਨ ਦੇ ਰਾਸ਼ਟਰਪਤੀ ਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੀਆਂ ਕੋਸ਼ਿਸ਼ਾਂ ਤੇ ਕਿਸੇ ਵੀ ਹੋਰ ਵਿਦੇਸ਼ੀ ਸ਼ਕਤੀ ਦੇ ਖਿਲਾਫ ਮਜ਼ਬੂਤੀ ਨਾਲ ਖੜ੍ਹਾ ਰਹਾਂਗਾ। ਸੈਂਡਰਸ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੇ ਉਹਨਾਂ ਨੂੰ ਪਿਛਲੇ ਮਹੀਨੇ ਹੀ ਸੂਚਿਤ ਕੀਤਾ ਸੀ ਕਿ ਕਿਸ ਤਰ੍ਹਾਂ ਨਾਲ ਰੂਸ ਇਸ ਮੁਹਿੰਮ ਵਿਚ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਮਾਸਕੋ ਕਿਵੇਂ ਦਖਲ ਕਰਨਾ ਚਾਹੁੰਦਾ ਹੈ।

ਸੈਂਡਰਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਕ ਬੇਲਗਾਮ ਠੱਗ ਦੱਸਿਆ ਤੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਸਾਡੇ ਦੇਸ਼ ਵਿਚ ਵੰਡ ਦਾ ਬੀਜ ਬੋਣ ਦੇ ਲਈ ਇੰਟਰਨੈੱਟ ਪ੍ਰਚਾਰ ਦੀ ਵਰਤੋਂ ਕੀਤੀ ਹੈ। ਹਾਊਸ ਇੰਟੈਲੀਜੈਂਸ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਗਿਆ ਕਿ ਰੂਸ ਨੇ 13 ਫਰਵਰੀ ਨੂੰ ਬੰਦ ਦਰਵਾਜ਼ੇ ਪਿੱਛੇ ਟਰੰਪ ਦਾ ਸਮਰਥਨ ਕੀਤਾ ਸੀ। ਹਾਲਾਂਕਿ ਟਰੰਪ ਨੇ ਸ਼ੁੱਕਰਵਾਰ ਨੂੰ ਨੇਵਾਦਾ ਦੇ ਇਕ ਰੈਲੀ ਸੰਬੋਧਨ ਵਿਚ ਕਿਹਾ ਕਿ ਇਹ ਅਫਵਾਹ ਹੈ। ਰੂਸੀ ਵਿਚੋਲਗੀ ਬ੍ਰੀਫਿੰਗ ਡੈਮੋਕ੍ਰੇਟਸ ਵਲੋਂ ਸ਼ੁਰੂ ਕੀਤੀ ਗਈ ਸੀ।


Baljit Singh

Content Editor

Related News