ਆਪਣੇ ਗਾਰਡ ਨੂੰ ਬੋਲੇ ਸਾਲੇਹ- ਮੈਨੂੰ ਮਾਰ ਦੇਣਾ ਗੋਲੀ ਪਰ ਤਾਲਿਬਾਨ ਦੇ ਸਾਹਮਣੇ ਗੋਡੇ ਨਹੀਂ ਟੇਕਾਂਗਾ

Monday, Sep 06, 2021 - 10:59 AM (IST)

ਕਾਬੁਲ- ਕਦੇ ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਰਹੇ ਅਮਰੁੱਲਾਹ ਸਾਲੇਹ ਇਨ੍ਹੀਂ ਦਿਨੀਂ ਆਪਣੇ ਦੇਸ਼ ਦੇ ਆਤਮ-ਸਨਮਾਨ ਲਈ ਲੜ ਰਹੇ ਹਨ। ਉਹ ਪੰਜਸ਼ੀਰ ਘਾਟੀ ’ਚ ਤਾਲਿਬਾਨ ਲੜਾਕਿਆਂ ਦੇ ਖਿਲਾਫ ਵਿਰੋਧੀ ਦਲਾਂ ਨਾਰਦਰਨ ਅਲਾਇੰਸ ਦੀ ਅਗਵਾਈ ਕਰ ਰਹੇ ਹਨ। ਸਾਲੇਹ ਨੇ ਬ੍ਰਿਟਿਸ਼ ਅਖਬਾਰ ਡੇਲੀ ਮੇਲ ’ਚ ਇਕ ਲੇਖ ਲਿਖਿਆ ਹੈ। ਸਾਲੇਹ ਨੇ ਲਿਖਿਆ ਹੈ ਕਿ ਜੇਕਰ ਪੰਜਸ਼ੀਰ ’ਚ ਲੜਾਈ ਦੌਰਾਨ ਉਹ ਜਖ਼ਮੀ ਹੋ ਜਾਂਦੇ ਹਨ ਤਾਂ ਉਨ੍ਹਾਂ ਨੇ ਆਪਣੇ ਗਾਰਡਸ ਨੂੰ ਖਾਸ ਨਿਰਦੇਸ਼ ਦਿੱਤਾ ਹੈ। ਉਸ ਨੂੰ ਕਿਹਾ ਗਿਆ ਹੈ ਕਿ ਅਜਿਹਾ ਹੋਣ ’ਤੇ ਉਹ ਮੇਰੇ ਸਿਰ ’ਚ 2 ਗੋਲੀਆਂ ਮਾਰ ਦੇਵੇ ਕਿਉਂਕਿ ਮੈਂ ਤਾਲਿਬਾਨ ਦੇ ਸਾਹਮਣੇ ਆਤਮ-ਸਮਰਪਣ ਨਹੀਂ ਕਰਨਾ ਚਾਹੁੰਦਾ।

ਤਾਲਿਬਾਨ ਦਾ ਕਾਬੁਲ ’ਚ ਕਬਜ਼ਾ ਹੋਣ ਤੋਂ ਪਹਿਲਾਂ ਆਪਣੇ ਪੰਜਸ਼ੀਰ ਪੁੱਜਣ ਬਾਰੇ ਸਾਲੇਹ ਨੇ ਲਿਖਿਆ ਕਿ ਉਹ 2 ਫੌਜੀ ਵਾਹਨਾਂ ਅਤੇ 2 ਪਿਕਅਪ ਟਰੱਕਾਂ ਰਾਹੀਂ ਉੱਥੋਂ ਲਈ ਨਿਕਲੇ। ਇਨ੍ਹਾਂ ਟਰੱਕਾਂ ’ਤੇ ਬੰਦੂਕਾਂ ਲੱਗੀਆਂ ਹੋਈਆਂ ਸਨ। ਪੰਜਸ਼ੀਰ ਜਾਂਦੇ ਸਮੇਂ ਰਸਤੇ ’ਚ 2 ਵਾਰ ਇਸ ਕਾਨਵਾਈ ’ਤੇ ਹਮਲਾ ਹੋਇਆ ਪਰ ਅਸੀਂ ਲੋਕ ਬਚ ਗਏ। ਅਸੀਂ ਬਹੁਤ ਮੁਸ਼ਕਿਲ ਤੋਂ ਬਾਅਦ ਨਾਰਦਰਨ ਪਾਸ ਪਾਰ ਕੀਤਾ। ਇੱਥੇ ਕਈ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਸਨ। ਹਰ ਪਾਸੇ ਠੱਗ, ਚੋਰਾਂ ਅਤੇ ਤਾਲਿਬਾਨ ਦਾ ਰਾਜ ਸੀ। ਅਸੀਂ ਬਹੁਤ ਮੁਸ਼ਕਿਲ ਨਾਲ ਇਹ ਰਸਤਾ ਪਾਰ ਕੀਤਾ।

ਸਾਲੇਹ ਨੇ ਅੱਗੇ ਲਿਖਿਆ ਹੈ ਕਿ ਜਦੋਂ ਉਹ ਪੰਜਸ਼ੀਰ ਪਹੁੰਚ ਗਏ ਤਾਂ ਉਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਭਾਈਚਾਰੇ ਦੇ ਬਜ਼ੁਰਗ ਮਸਜਿਦ ’ਚ ਇਕੱਠੇ ਹਨ। ਮੈਂ ਉੱਥੇ ਪੁੱਜਾ ਅਤੇ ਉਨ੍ਹਾਂ ਨਾਲ ਲਗਭਗ ਇਕ ਘੰਟੇ ਤੱਕ ਗੱਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ’ਚੋਂ ਹਰੇਕ ਸਾਡਾ ਸਮਰਥਨ ਕਰਨ ਲਈ ਤਿਆਰ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 20 ਸਾਲ ਤੋਂ ਪੰਜਸ਼ੀਰ ਇਕ ਟੂਰਿਸਟ ਡੈਸਟੀਨੇਸ਼ਨ ਸੀ। ਇੱਥੇ ਸਾਡੇ ਕੋਲ ਨਾ ਤਾਂ ਕੋਈ ਮਿਲਟਰੀ ਉਪਕਰਣ ਸਨ ਅਤੇ ਨਾ ਹੀ ਹਥਿਆਰ ਪਰ ਮੈਂ ਉਥੇ ਅਹਿਮਦ ਮਸੂਦ ਦੇ ਨਾਲ ਮਿਲ ਕੇ ਲੜਾਈ ਦੀ ਰਣਨੀਤੀ ਬਣਾਈ ਅਤੇ ਅਜੇ ਤੱਕ ਸਭ ਠੀਕ ਚੱਲ ਰਿਹਾ ਹੈ।

ਤਾਲਿਬਾਨ ਤੋਂ ਡਰ ਕੇ ਭੱਜੇ ਢਾਈ ਲੱਖ ਲੋਕ ਪੰਜਸ਼ੀਰ ’ਚ ਫਸੇ
ਸਾਲੇਹ ਨੇ ਦੱਸਿਆ ਕਿ ਕਾਬੁਲ ਅਤੇ ਹੋਰ ਸ਼ਹਿਰਾਂ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਔਰਤਾਂ, ਬੱਚਿਆਂ ਸਮੇਤ 2,50,000 ਲੋਕ ਪੰਜਸ਼ੀਰ ਘਾਟੀ ਵੱਲ ਸ਼ਰਨ ਲੈਣ ਲਈ ਆਏ ਹਨ ਪਰ ਉਹ ਲੋਕ ਅਤਿਅੰਤ ਅਣ-ਮਨੁੱਖੀ ਹਾਲਾਤਾਂ ’ਚ ਫਸੇ ਹੋਏ ਹਨ। ਇਹ ਲੋਕ ਖੁੱਲ੍ਹੇ ਆਸਮਾਨ ਦੇ ਹੇਠਾਂ ਮਸਜਿਦਾਂ, ਸਕੂਲਾਂ ਆਦਿ ’ਚ ਰੁਕੇ ਹੋਏ ਹਨ ਅਤੇ ਇਨ੍ਹਾਂ ਦੇ ਲਈ ਖਾਣ, ਪੀਣ ਅਤੇ ਸਿਹਤ ਸਹੂਲਤਾਂ ਦਾ ਸੰਕਟ ਬਣ ਗਿਆ ਹੈ।

ਤਾਲਿਬਾਨੀ ਹਮਲੇ ਨੂੰ ਰੁਕਵਾਏ ਸੰਯੁਕਤ ਰਾਸ਼ਟਰ
ਸਾਲੇਹ ਨੇ ਅੰਤਰਰਾਸ਼ਟਰੀ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ਨੂੰ ਪੰਜਸ਼ੀਰ ਨੂੰ ਤਾਲਿਬਾਨੀ ਹਮਲੇ ਤੋਂ ਬਚਾਉਣ ਅਤੇ ਕੋਈ ਰਾਜਨੀਤਕ ਹੱਲ ਕੱਢਣ ਦੀ ਅਪੀਲ ਕੀਤੀ।


Tarsem Singh

Content Editor

Related News