ਯੂਕ੍ਰੇਨ ਦੀ ਸਰਹੱਦ ਨੇੜੇ ਫੌਜੀਆਂ ਦੀ ਤਾਇਨਾਤੀ ਨਾਟੋ ਨੂੰ ਜਵਾਬ ਹੈ : ਰੂਸ
Tuesday, Apr 13, 2021 - 11:48 PM (IST)
ਮਾਸਕੋ-ਰੂਸ ਦੇ ਰੱਖਿਆ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਯੂਕ੍ਰੇਨ ਦੀ ਸਰਹੱਦ ਨੇੜੇ ਦੇਸ਼ ਦੇ ਪੱਛਮੀ ਭਾਗ ’ਚ ਵੱਡੀ ਗਿਣਤੀ ’ਚ ਫੌਜੀਆਂ ਦੀ ਤਾਇਨਾਤੀ ਨਾਟੋ ਤੋਂ ਖਤਰੇ ਦਰਮਿਆਨ ਫੌਜੀ ਅਭਿਆਸ ਦੀਆਂ ਤਿਆਰੀਆਂ ਦਾ ਹਿੱਸਾ ਹੈ। ਰੱਖਿਆ ਮੰਤਰੀ ਸਰਗੇਈ ਸ਼ੋਇਗੁ ਨੇ ਕਿਹਾ ਕਿ ਪੱਛਮੀ ਰੂਸ ’ਚ ਫੌਜੀ ਅਭਿਆਸ ਹੋਰ ਦੋ ਹਫਤੇ ਤੱਕ ਚੱਲੇਗਾ। ਉਨ੍ਹਾਂ ਨੇ ਚੋਟੀ ਦੇ ਫੌਜੀ ਅਧਿਕਾਰੀਆਂ ਦੀ ਮੀਟਿੰਗ ’ਚ ਕਿਹਾ ਕਿ ਜਾਰੀ ਫੌਜੀ ਅਭਿਆਸ ਅਮਰੀਕਾ ਅਤੇ ਨਾਟੋ ਦੇ ਮੈਂਬਰ ਦੇਸ਼ਾਂ ਵਲੋਂ ਰੂਸ ਦੀ ਸਰਹੱਦ ਕੋਲ ਉਨ੍ਹਾਂ ਦੇ ਫੌਜੀ ਵਧਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਜਵਾਬ ਹੈ।
ਇਹ ਵੀ ਪੜ੍ਹੋ-ਜਾਨਸਨ ਐਂਡ ਜਾਨਸਨ ਨੇ ਯੂਰਪ 'ਚ ਆਪਣਾ ਕੋਰੋਨਾ ਰੋਕੂ ਟੀਕਾ ਲਾਉਣ 'ਚ ਦੇਰੀ ਕਰਨ ਦਾ ਕੀਤਾ ਐਲਾਨ
ਇਸ ਦਰਮਿਆਨ,ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਟੈਲੀਫੋਨ ’ਤੇ ਗੱਲਬਾਤ ਦੌਰਾਨ ਇਸ ਘਟਨਾਚੱਕਰ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਅਤੇ ਰੂਸ ਨਾਲ ਤਣਾਅ ਘਟਾਉਣ ਦੀ ਅਪੀਲ ਕੀਤੀ। ਉਥੇ, ਇਕ ਵੱਖਰੀ ਮੀਟਿੰਗ ’ਚ ਯੂਕ੍ਰੇਨ ਦੇ ਵਿਦੇਸ਼ ਮੰਤਰੀ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਅਤੇ ਨਾਟੋ ਦੇ ਜਨਰਲ ਸਕੱਤਰ ਜੈਂਸ ਸਟੋਲਟੇਨਬਰਗ ਨੇ ਯੂਕ੍ਰੇਨ ਦਾ ਸਮਰਥਨ ਕੀਤਾ ਅਤੇ ਰੂਸ ਨੂੰ ਸੋਵੀਅਤ ਸੰਘ ਦੀ ਪੂਰਬੀ ਸਰਹੱਦ ’ਤੇ ਫੌਜੀਆਂ ਦੀ ਤਾਇਨਾਤੀ ਵਧਾਉਣ ਦੇ ਖਿਲਾਫ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ-ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਯੂਰਪ ਦੀ ਯਾਤਰਾ 'ਤੇ
ਹਾਲ ਦੇ ਤਣਾਅ ਦਰਮਿਆਨ ਅਮਰੀਕਾ ਨੇ ਤੁਰਕੀ ਨੂੰ ਕਿਹਾ ਕਿ ਦੋ ਅਮਰੀਕੀ ਜੰਗੀ ਬੇੜੇ 14 ਅਤੇ 15 ਅਪ੍ਰੈਲ ਨੂੰ ਵਾਪਸ ਕਾਲਾ ਸਾਗਰ ਜਾਣਗੇ ਅਤੇ ਉਥੇ ਚਾਰ ਅਤੇ ਪੰਜ ਮਈ ਤੱਕ ਰੁਕਣਗੇ। ਕਾਲਾ ਸਾਗਰ 'ਚ ਅਮਰੀਕੀ ਜੰਗੀ ਬੇੜੇ ਦੇ ਲਗਾਤਾਰ ਜਾਣ ਨਾਲ ਰੂਸ ਨਾਰਾਜ਼ ਰਿਹਾ ਹੈ। ਉਥੇ, ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਯਾਬਕੋਵ ਨੇ ਅਮਰੀਕੀ ਜੰਗੀ ਬੇੜਿਆਂ ਦੀ ਤਾਜ਼ਾ ਤਾਇਨਾਤੀ ਦੀ ਨਿੰਦਾ ਕਰਦੇ ਹੋਏ ਇਸ ਨੂੰ ਸ਼ਰੇਆਮ ਉਕਸਾਉਣ ਵਾਲਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਜਹਾਜ਼ਾਂ ਦਾ ਸਾਡੇ ਤੱਟਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸਾਡੀ ਸ਼ਕਤੀ ਦੀ ਪ੍ਰੀਖਿਆ ਲੈ ਰਹੇ ਹਨ ਅਤੇ ਸਾਡੇ ਸਬਰ ਨਾਲ ਖੇਡ ਰਹੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਫਿਰ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦਾ ਤਣਾਅ ਵਧਦਾ ਹੈ ਤਾਂ ਅਸੀਂ ਆਪਣੀ ਸੁਰੱਖਿਆ ਯਕੀਨੀ ਕਰਨ ਲਈ ਹਰ ਚੀਜ਼ ਕਰਾਂਗੇ।
ਇਹ ਵੀ ਪੜ੍ਹੋ-ਮਹਾਮਾਰੀ ਨੂੰ ਕਾਬੂ ਕਰਨ ਲਈ ਜਿਊਂਦੇ ਜਾਨਵਰਾਂ ਦੀ ਵਿਕਰੀ ’ਤੇ ਲੱਗੇ ਰੋਕ : WHO
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।