ਰੂਸ ਦੇ ਫੌਜੀ ਖੁਫੀਆ ਵਿਭਾਗ ਦੇ ਉਪ ਪ੍ਰਮੁੱਖ ਨੂੰ ਮਾਸਕੋ ’ਚ ਮਾਰੀ ਗੋਲੀ, ਯੂਕ੍ਰੇਨ ''ਤੇ ਲੱਗੇ ਇਲਜ਼ਾਮ
Saturday, Feb 07, 2026 - 10:49 AM (IST)
ਇੰਟਰਨੈਸ਼ਨਲ ਡੈਸਕ- ਰੂਸ ਦੀ ਰਾਜਧਾਨੀ ਮਾਸਕੋ ’ਚ ਇਕ ਅਣਪਛਾਤੇ ਹਮਲਾਵਰ ਨੇ ਫ਼ੌਜੀ ਖ਼ੁਫ਼ੀਆ ਵਿਭਾਗ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਵਲਾਦੀਮੀਰ ਐਲੇਕਸੇਵ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਲੈਫਟੀਨੈਂਟ ਜਨਰਲ ਐਲੇਕਸੇਵ (64) ’ਤੇ ਹਮਲੇ ਦੀ ਇਹ ਘਟਨਾ ਰੂਸ ਦੇ ਕਈ ਸੀਨੀਅਰ ਫ਼ੌਜੀ ਅਤੇ ਖ਼ੁਫ਼ੀਆ ਅਧਿਕਾਰੀਆਂ ਦੇ ਕਤਲ ਤੋਂ ਬਾਅਦ ਸਾਹਮਣੇ ਆਈ ਹੈ, ਜਿਨ੍ਹਾਂ ਲਈ ਮਾਸਕੋ ਨੇ ਯੂਕ੍ਰੇਨ ਨੂੰ ਦੋਸ਼ੀ ਠਹਿਰਾਇਆ ਹੈ।
ਜਾਂਚ ਕਮੇਟੀ ਦੀ ਬੁਲਾਰਨ ਸਵੇਤਲਾਨਾ ਪੇਤਰੇਂਕੋ ਨੇ ਇਕ ਬਿਆਨ ’ਚ ਕਿਹਾ ਕਿ ਮਾਸਕੋ ਦੇ ਉੱਤਰ-ਪੱਛਮ ’ਚ ਸਥਿਤ ਇਕ ਅਪਾਰਟਮੈਂਟ ਵਿਚ ਇਕ ਅਣਪਛਾਤੇ ਹਮਲਾਵਰ ਨੇ ਲੈਫਟੀਨੈਂਟ ਜਨਰਲ ਐਲੇਕਸੇਵ ’ਤੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਲੈਫਟੀਨੈਂਟ ਜਨਰਲ ਐਲੇਕਸੇਵ ਨੂੰ ਕਈ ਗੋਲੀਆਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਮਾਸਕੋ ਦੇ ਇਕ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਪੇਤਰੇਂਕੋ ਨੇ ਇਹ ਨਹੀਂ ਦੱਸਿਆ ਕਿ ਇਸ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਲੈਫਟੀਨੈਂਟ ਜਨਰਲ ਐਲੇਕਸੇਵ ਸਾਲ 2011 ਤੋਂ ਰੂਸ ਦੀ ਫ਼ੌਜੀ ਖ਼ੁਫ਼ੀਆ ਏਜੰਸੀ ਦੇ ਪਹਿਲੇ ਉਪ ਮੁਖੀ ਵਜੋਂ ਕੰਮ ਕਰ ਰਹੇ ਹਨ।
