ਰੂਸ ਦੇ ਸਿਹਤ ਮੰਤਰਾਲੇ ਦਾ ਦਾਅਵਾ, ''ਡੈਲਟਾ'' ਵੈਰੀਐਂਟ ਖ਼ਿਲਾਫ਼ 83 ਫੀਸਦੀ ਪ੍ਰਭਾਵੀ ਹੈ Sputnik V ਵੈਕਸੀਨ
Wednesday, Aug 11, 2021 - 06:26 PM (IST)
ਮਾਸਕੋ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਦੇ ਵੱਖ-ਵੱਖ ਵੈਰੀਐਂਟ ਵਿਗਿਆਨੀਆਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ ਇਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਰੂਸ ਦੀ ਸਪੁਤਨਿਕ-ਵੀ ਵੈਕਸੀਨ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਖ਼ਿਲਾਫ਼ ਲੱਗਭਗ 83 ਫੀਸਦੀ ਪ੍ਰਭਾਵੀ ਹੈ। ਰੂਸੀ ਪ੍ਰਤੱਖ ਨਿਵੇਸ਼ ਫੰਡ (RDIF) ਨੇ ਬੁੱਧਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜੁਟਾਏ ਗਏ ਅੰਕੜਿਆਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ।
ਆਰ.ਡੀ.ਆਈ.ਐੱਫ. ਦੇ ਨੇ ਕਿਹਾ ਕਿ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਪੁਤਨਿਕ-ਵੀ ਕੋਰੋਨਾ ਦੇ ਨਵੇਂ ਵੈਰੀਐਂਟ ਖ਼ਿਲਾਫ਼ ਲੋੜੀਂਦੀ ਸੁਰੱਖਿਆ ਦਿੰਦੀ ਹੈ। ਇਹ ਸੁਰੱਖਿਆ ਅਤੇ ਪ੍ਰਭਾਵ ਦੇ ਮਾਪਦੰਡਾਂ ਨੂੰ ਬਰਕਰਾਰ ਰੱਖਦੀ ਹੈ। ਰੂਸੀ ਸਿਹਤ ਮੰਤਰਾਲੇ ਨੇ ਡੈਲਟਾ ਵੈਰੀਐਂਟ ਖ਼ਿਲਾਫ਼ ਸਪੁਤਨਿਕ-ਵੀ ਦੇ ਪ੍ਰਭਾਵ ਨੂੰ ਲੈ ਕੇ ਅੰਕੜੇ ਪ੍ਰਕਾਸ਼ਿਤ ਕੀਤੇ ਹਨ। ਆਰ.ਡੀ.ਆਈ.ਐੱਫ. ਵੱਲੋਂ ਜਾਰੀ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ ਇਹ ਵੈਕਸੀਨ 83.1 ਫੀਸਦੀ ਪ੍ਰਭਾਵੀ ਹੈ ਅਤੇ ਇਨਫੈਕਸ਼ਨ ਦੇ ਜ਼ੋਖਮ ਨੂੰ 6 ਗੁਣਾ ਘੱਟ ਕਰ ਦਿੰਦੀ ਹੈ। ਇਹੀ ਨਹੀਂ ਇਹ ਵੈਕਸੀਨ ਹਸਪਤਾਲ ਵਿਚ ਦਾਖਲ ਹੋਣ ਦੇ ਜ਼ੋਖਮ ਵਿਚ 94.4 ਫੀਸਦੀ ਕਾਰਗਰ ਹੈ। ਇਸ ਨੂੰ ਲੈਣ ਨਾਲ ਹਸਪਤਾਲ ਵਿਚ ਦਾਖਲ ਹੋਣ ਦਾ ਜ਼ੋਖਮ 18 ਗੁਣਾ ਘੱਟ ਹੋ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਮੈਲਬੌਰਨ 'ਚ ਸਖ਼ਤੀ, ਸਿਡਨੀ 'ਚ ਮਿਲੀ ਇਹ ਛੋਟ
ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਰਜਨਟੀਨਾ, ਬਹਿਰੀਨ, ਹੰਗਰੀ, ਮੈਕਸੀਕੋ, ਰੂਸ, ਸਰਬੀਆ, ਫਿਲੀਪੀਨਜ਼ ਅਤੇ ਯੂ.ਏ.ਈ. ਵਿਚ ਵੱਡੇ ਪੱਧਰ 'ਤੇ ਟੀਕਾਕਰਨ ਦੌਰਾਨ ਮਿਲੇ ਅੰਕੜੇ ਗੰਭੀਰ ਪ੍ਰਤੀਕੂਲ ਘਟਨਾਵਾਂ ਵਿਚ ਕਮੀ ਦਰਸਾਉਂਦੇ ਹਨ। ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਰੂਸੀ ਵੈਕਸੀਨ ਨੇ ਸਰਬੋਤਮ ਸੁਰੱਖਿਆ ਅਤੇ ਪ੍ਰਭਾਵੀ ਮਾਪਦੰਡਾਂ ਦਾ ਪ੍ਰਦਰਸ਼ਨ ਕੀਤਾ ਹੈ।ਮੌਜੂਦਾ ਸਮੇਂ ਵਿਚ ਰੂਸ ਦੀ ਐਂਟੀ ਕੋਵਿਡ-19 ਵੈਕਸੀਨ ਸਪੁਤਨਿਕ-ਵੀ ਨੂੰ ਦੁਨੀਆ ਦੇ 69 ਦੇਸ਼ਾਂ ਨੇ ਮਨਜ਼ੂਰੀ ਦਿੱਤੀ ਹੈ। ਇਹਨਾਂ ਦੇਸ਼ਾਂ ਦੀ ਕੁੱਲ ਆਬਾਦੀ 3.7 ਅਰਬ ਤੋਂ ਵੱਧ ਮਤਲਬ ਗਲੋਬਲ ਆਬਾਦੀ ਦਾ ਲੱਗਭਗ ਅੱਧਾ ਹੈ।
ਆਰ.ਡੀ.ਆਈ.ਐੱਫ. ਨੇ ਇਸ ਵੈਕਸੀਨ ਦੇ ਉਤਪਾਦਨ ਲਈ ਭਾਰਤ, ਚੀਨ, ਦੱਖਣੀ ਕੋਰੀਆ, ਅਰਜਨਟੀਨੀ, ਮੈਕਸੀਕੋ ਅਤੇ ਹੋਰ ਦੇਸ਼ਾਂ ਦੇ ਮੋਹਰੀ ਨਿਰਮਾਤਾਵਾਂ ਨਾਲ ਹਿੱਸੇਦਾਰੀ ਕੀਤੀ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਰੂਸ ਨੇ ਇਸ ਵੈਕਸੀਨ ਲਈ ਕੁੱਲ 14 ਦੇਸ਼ਾਂ ਵਿਚ 20 ਤੋਂ ਵੱਧ ਕੰਪਨੀਆਂ ਨਾਲ ਉਤਪਾਦਨ ਹਿੱਸੇਦਾਰੀ ਕੀਤੀ ਹੈ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਦੋ ਖੁਰਾਕਾਂ ਵਾਲੀ ਸਪੁਤਨਿਕ-ਵੀ ਦੇ ਨਾਲ ਹੀ ਸਿੰਗਲ ਖੁਰਾਕ ਵਾਲੀ ਸਪੁਤਨਿਕ ਲਾਈਟ ਵੈਕਸੀਨ ਵੀ ਅਰਜਨਟੀਨਾ ਵਿਚ ਉੱਚ ਸੁਰੱਖਿਆ ਦੇ ਨਤੀਜੇ ਪ੍ਰਦਰਸ਼ਿਤ ਕੀਤੇ ਹਨ।