ਵਲਾਦੀਮੀਰ ਪੁਤਨ ਦੇ ਗ੍ਰਿਫ਼ਤਾਰੀ ਵਾਰੰਟ ਤੋਂ ਬਾਅਦ ਰੂਸ ਦਾ ਯੂਕ੍ਰੇਨ ''ਤੇ ਹਮਲਾ ਜਾਰੀ
Saturday, Mar 18, 2023 - 05:22 PM (IST)
ਕੀਵ (ਭਾਸ਼ਾ)- ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੂਸ ਦੇ ਬਾਲ ਅਧਿਕਾਰ ਕਮਿਸ਼ਨਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਯੂਕ੍ਰੇਨ 'ਤੇ ਰੂਸ ਦਾ ਵਿਆਪਕ ਹਮਲਾ ਜਾਰੀ ਹੈ। ਯੂਕ੍ਰੇਨੀ ਹਵਾਈ ਫ਼ੌਜ ਨੇ ਸ਼ਨੀਵਾਰ ਤੜਕੇ ਕਿਹਾ ਕਿ ਉਸ ਦੇ ਦੇਸ਼ 'ਤੇ ਸ਼ੁੱਕਰਵਾਰ ਦੀ ਰਾਤ ਨੂੰ 16 ਰੂਸੀ ਡਰੋਨਾਂ ਨੇ ਹਮਲਾ ਕੀਤਾ। ਟੈਲੀਗ੍ਰਾਮ 'ਤੇ ਏਅਰ ਫੋਰਸ ਕਮਾਂਡ ਨੇ ਲਿਖਿਆ ਕਿ 16 ਵਿੱਚੋਂ 11 ਡਰੋਨਾਂ ਨੂੰ ਕੇਂਦਰੀ, ਪੱਛਮੀ ਅਤੇ ਪੂਰਬੀ ਖੇਤਰਾਂ ਵਿੱਚ ਡੇਗਿਆ ਗਿਆ, ਜਿਨ੍ਹਾਂ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਵਿੱਚ ਕੀਵ, ਪੱਛਮੀ ਲਵੀਵ ਸੂਬਾ ਸ਼ਾਮਲ ਹੈ।
ਕੀਵ ਸ਼ਹਿਰ ਦੇ ਪ੍ਰਸ਼ਾਸਨ ਦੇ ਮੁਖੀ ਸੇਰਹੀ ਪੋਪਕੋ ਨੇ ਕਿਹਾ ਕਿ ਯੂਕ੍ਰੇਨੀ ਹਵਾਈ ਫ਼ੌਜ ਨੇ ਯੂਕ੍ਰੇਨ ਦੀ ਰਾਜਧਾਨੀ ਵੱਲ ਉਡਾਣ ਭਰ ਰਹੇ ਸਾਰੇ ਡਰੋਨਾਂ ਨੂੰ ਡੇਗ ਦਿੱਤਾ ਹੈ, ਜਦੋਂ ਕਿ ਲਵੀਵ ਦੇ ਖੇਤਰੀ ਗਵਰਨਰ ਮੈਕਸਿਮ ਕੋਜਿਟਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ 6 ਵਿੱਚੋਂ 3 ਡਰੋਨਾਂ ਨੂੰ ਡੇਗਿਆ ਗਿਆ, ਜਦਕਿ ਹੋਰ 3 ਨੇ ਪੋਲੈਂਡ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਨੂੰ ਨਿਸ਼ਾਨਾ ਬਣਾਇਆ। ਯੂਕ੍ਰੇਨ ਦੀ ਹਵਾਈ ਫ਼ੌਜ ਅਨੁਸਾਰ, ਹਮਲੇ ਆਜ਼ੋਵ ਸਾਗਰ ਦੇ ਪੂਰਬੀ ਤੱਟ ਅਤੇ ਰੂਸ ਦੇ ਬ੍ਰਾਇੰਸਕ ਸੂਬੇ ਤੋਂ ਕੀਤੇ ਗਏ, ਜੋ ਯੂਕ੍ਰੇਨ ਦੀ ਸਰਹੱਦ ਨਾਲ ਲੱਗੇ ਹੋਏ ਹਨ। ਯੂਕ੍ਰੇਨ ਦੀ ਫ਼ੌਜ ਨੇ ਕਿਹਾ ਕਿ ਰੂਸ ਨੇ ਬੀਤੇ 24 ਘੰਟਿਆਂ ਦੌਰਾਨ 34 ਹਵਾਈ ਹਮਲੇ ਕੀਤੇ, ਇੱਕ ਮਿਜ਼ਾਈਲ ਦਾਗੀ ਅਤੇ 57 ਐਂਟੀ-ਏਅਰਕ੍ਰਾਫਟ ਫਾਇਰ ਕੀਤੇ। ਇੱਕ ਰੂਸੀ ਰਾਕੇਟ ਨੇ ਸ਼ੁੱਕਰਵਾਰ ਰਾਤ ਨੂੰ ਜ਼ਪੋਰੀਝਜ਼ਿਆ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਖੇਤਰ ਨੂੰ ਨਿਸ਼ਾਨਾ ਬਣਾਇਆ। ਜ਼ਾਪੋਰਿਝਜ਼ਿਆ ਸਿਟੀ ਕਾਉਂਸਿਲ ਦੇ ਅਨਾਤੋਲੀ ਕੁਰਤੇਵ ਨੇ ਕਿਹਾ ਕਿ ਕਿਸੇ ਵੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ, ਪਰ ਕਈ ਘਰ ਅਤੇ ਇਕ ਪਸ਼ੂਆਂ ਦਾ ਬਾੜਾ ਤਬਾਹ ਹੋ ਗਿਆ ਹੈ।