ਰੂਸ ਦੀ ਵੱਡੀ ਚਿਤਾਵਨੀ : ਅਮਰੀਕਾ ਨੇ ਈਰਾਨ ''ਤੇ ਹਮਲਾ ਕੀਤਾ ਤਾਂ ਹੋਵੇਗੀ ਪ੍ਰਮਾਣੂ ਤਬਾਹੀ
Wednesday, Jun 18, 2025 - 08:30 PM (IST)
 
            
            ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ 18 ਜੂਨ ਨੂੰ ਆਪਣੇ ਛੇਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਇਸ ਸਮੇਂ ਦੌਰਾਨ ਦੋਵਾਂ ਦੇਸ਼ਾਂ ਨੇ ਇੱਕ ਦੂਜੇ 'ਤੇ ਨਵੇਂ ਮਿਜ਼ਾਈਲ ਹਮਲੇ ਕੀਤੇ ਹਨ। ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਪੂਰੇ ਪੱਛਮੀ ਏਸ਼ੀਆ ਖੇਤਰ ਵਿੱਚ ਤਣਾਅ ਵਧਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਲਈ ਕਿਹਾ ਹੈ ਤਾਂ ਜੋ ਇਸ ਟਕਰਾਅ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਇਹ ਬਿਆਨ ਖੇਤਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਦਿੱਤਾ ਹੈ।
ਇਜ਼ਰਾਈਲ-ਈਰਾਨ ਸੰਘਰਸ਼ ਵਿਚ ਅਮਰੀਕਾ ਵੱਲੋਂ ਦਖਲ ਅਤੇ ਜੰਗੀ ਤਾਇਨਾਤੀਆਂ ਨੂੰ ਲੈ ਕੇ ਰੂਸ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਰੂਸੀ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਮੱਧ ਪੂਰਬ ਵਿੱਚ ਸਿੱਧਾ ਫੌਜੀ ਹਮਲਾ ਕੀਤਾ ਜਾਂ ਈਰਾਨ ਉੱਤੇ ਨਿਊਕਲਿਅਰ ਥਾਵਾਂ ਨੂੰ ਨਿਸ਼ਾਨਾ ਬਣਾਇਆ, ਤਾਂ ਇਹ ਪੂਰੇ ਇਲਾਕੇ ਲਈ ਪ੍ਰਮਾਣੂ ਤਬਾਹੀ ਵਾਲੀ ਸਥਿਤੀ ਪੈਦਾ ਕਰ ਸਕਦੀ ਹੈ।
ਰੂਸ ਦੀ ਚਿਤਾਵਨੀ
ਰੂਸ ਦੇ ਵਿਦੇਸ਼ ਮੰਤਰੀ ਸੇਰਗੇਈ ਲਾਵਰੋਵ ਨੇ ਇਕ ਟੀਵੀ ਇੰਟਰਵਿਊ ਦੌਰਾਨ ਕਿਹਾ, "ਜੇ ਅਮਰੀਕਾ ਜਾਂ ਕੋਈ ਹੋਰ ਪੱਛਮੀ ਦੇਸ਼ ਈਰਾਨ ਉੱਤੇ ਹਮਲਾ ਕਰਦਾ ਹੈ, ਤਾਂ ਇਹ ਸਿਰਫ਼ ਜੰਗ ਨਹੀਂ, ਸਗੋਂ ਪ੍ਰਮਾਣੂ ਤਬਾਹੀ ਦਾ ਰਾਹ ਖੋਲ੍ਹੇਗਾ।"
ਉਨ੍ਹਾਂ ਕਿਹਾ ਕਿ ਰੂਸ ਇਹ ਮੰਨਦਾ ਹੈ ਕਿ ਇਹ ਟਕਰਾਅ ਫੈਲ ਕੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ, ਖ਼ਾਸ ਕਰਕੇ ਜੇਕਰ ਇਜ਼ਰਾਈਲ ਦੀ ਹਮਲਾਵਰ ਨੀਤੀ ਨੂੰ ਅਮਰੀਕੀ ਹਮਾਇਤ ਮਿਲਦੀ ਰਹੀ।
ਇਸ ਚਿਤਾਵਨੀ ਨਾਲ ਓਸ ਸਮੇਂ ਦੀ ਗੰਭੀਰਤਾ ਹੋਰ ਵੱਧ ਗਈ ਹੈ, ਜਦੋਂ ਅਮਰੀਕਾ ਨੇ USS Nimitz ਜਹਾਜ਼ੀ ਬੇੜਾ ਦੱਖਣੀ ਚੀਨ ਸਮੁੰਦਰ ਤੋਂ ਮੱਧ ਪੂਰਬ ਭੇਜ ਦਿੱਤਾ ਹੈ।
ਟਰੰਪ ਨੇ ਹਾਲ ਹੀ ਵਿੱਚ ਕਿਹਾ ਸੀ ਕਿ “IRAN CAN NOT HAVE A NUCLEAR WEAPON,” ਤੇ ਲੋਕਾਂ ਨੂੰ ਤੇਹਰਾਨ ਤੁਰੰਤ ਛੱਡਣ ਦੀ ਅਪੀਲ ਵੀ ਕੀਤੀ ਸੀ।
ਰੂਸ ਦੀ ਚਿਤਾਵਨੀ ਤੋਂ ਬਾਅਦ ਸੰਯੁਕਤ ਰਾਸ਼ਟਰ (UN) ਨੇ ਵੀ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਦੋਹਾਂ ਪਾਸਿਆਂ ਨੂੰ ਤੁਰੰਤ ਜੰਗੀ ਕਾਰਵਾਈ ਰੋਕਣ ਅਤੇ ਗੱਲਬਾਤ ਵੱਲ ਵਧਣ ਦੀ ਅਪੀਲ ਕੀਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            