ਪਾਬੰਦੀਆਂ ਤੋਂ ਖ਼ਫਾ ਰੂਸ ਦਾ ਵੱਡਾ ਕਦਮ, ਵਿਦੇਸ਼ੀ ਮਾਲਕੀ ਵਾਲੇ ਸੈਂਕੜੇ ਜਹਾਜ਼ ਕਰੇਗਾ ਜ਼ਬਤ

Thursday, Mar 17, 2022 - 02:58 PM (IST)

ਪਾਬੰਦੀਆਂ ਤੋਂ ਖ਼ਫਾ ਰੂਸ ਦਾ ਵੱਡਾ ਕਦਮ, ਵਿਦੇਸ਼ੀ ਮਾਲਕੀ ਵਾਲੇ ਸੈਂਕੜੇ ਜਹਾਜ਼ ਕਰੇਗਾ ਜ਼ਬਤ

ਮਾਸਕੋ (ਵਾਰਤਾ): ਰੂਸ ਦੀ ਸਰਕਾਰ ਨੇ ਅਮਰੀਕਾ ਅਤੇ ਯੂਰਪ ਦੀਆਂ ਲੀਜ਼ਿੰਗ ਕੰਪਨੀਆਂ ਦੀ ਮਾਲਕੀ ਵਾਲੇ ਸੈਂਕੜੇ ਵਪਾਰਕ ਜੈੱਟ ਜਹਾਜ਼ਾਂ ਨੂੰ ਜ਼ਬਤ ਕਰਨ ਦਾ ਫ਼ੈਸਲਾ ਕੀਤਾ ਹੈ। ਸੀਐਨਐਨ ਨੇ ਰਿਪੋਰਟ ਮੁਤਾਬਕ ਰੂਸ ਦਾ ਇਹ ਕਦਮ ਦੇਸ਼ ਦੇ ਏਅਰਲਾਈਨ ਉਦਯੋਗ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸੰਕੇਤ ਹੈ, ਜੋ ਕਿ ਯੂਕ੍ਰੇਨ ਦੇ ਹਮਲੇ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਦੇਸ਼ 'ਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਹੋਰ ਗੰਭੀਰ ਹੋਣ ਵਾਲੀਆਂ ਹਨ। ਰੂਸੀ ਰਾਸ਼ਟਰਪਤੀ ਦਫ਼ਤਰ ਕ੍ਰੇਮਲਿਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਰਕਾਰ ਦੇ ਪਾਬੰਦੀਆਂ ਵਿਰੋਧੀ ਉਪਾਵਾਂ ਦੇ ਹਿੱਸੇ ਵਜੋਂ ਇੱਕ ਕਾਨੂੰਨ 'ਤੇ ਦਸਤਖ਼ਤ ਕੀਤੇ ਹਨ ਜੋ ਰੂਸੀ ਏਅਰਲਾਈਨਾਂ ਨੂੰ ਵਿਦੇਸ਼ੀ ਕੰਪਨੀਆਂ ਤੋਂ ਕਿਰਾਏ 'ਤੇ ਲਏ ਗਏ ਜਹਾਜ਼ਾਂ ਨੂੰ ਰਜਿਸਟਰ ਕਰਨ ਦੀ ਇਜਾਜ਼ਤ ਦੇਵੇਗਾ, ਜਿੱਥੇ ਉਨ੍ਹਾਂ ਨੂੰ ਉਡਾਣ ਯੋਗਤਾ ਦਾ ਇੱਕ ਸਥਾਨਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। 

ਇਸ ਬਿੱਲ ਦੇ ਜ਼ਰੀਏ ਰੂਸੀ ਏਅਰਲਾਈਨਜ਼ ਵਿਦੇਸ਼ਾਂ ਤੋਂ ਲੀਜ਼ 'ਤੇ ਲਏ ਜਹਾਜ਼ਾਂ ਨੂੰ ਰੱਖਣ ਅਤੇ ਘਰੇਲੂ ਰੂਟਾਂ 'ਤੇ ਜਹਾਜ਼ਾਂ ਦਾ ਸੰਚਾਲਨ ਕਰ ਸਕਣਗੀਆਂ, ਜਦਕਿ ਵਿਦੇਸ਼ੀ ਕੰਪਨੀਆਂ ਲਈ ਰੂਸੀ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਆਪਣੇ ਜੈੱਟ ਜਹਾਜ਼ਾਂ ਨੂੰ ਵਾਪਸ ਲੈਣਾ ਮੁਸ਼ਕਲ ਹੋ ਜਾਵੇਗਾ। ਰੂਸ 'ਤੇ ਅਮਰੀਕਾ ਅਤੇ ਯੂਰਪੀ ਲੀਜ਼ਿੰਗ ਕੰਪਨੀਆਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੇ ਤਹਿਤ, ਦੋਵਾਂ ਦੇਸ਼ਾਂ ਨੂੰ ਮਹੀਨੇ ਦੇ ਅੰਤ ਤੱਕ ਰੂਸੀ ਏਅਰਲਾਈਨਾਂ ਨੂੰ ਲੀਜ਼ 'ਤੇ ਦਿੱਤੇ ਸਾਰੇ ਜਹਾਜ਼ ਵਾਪਸ ਲੈਣੇ ਪੈਣਗੇ। ਏਅਰਬੱਸ (ਈਏਡੀਐਸਐਫ) ਅਤੇ ਬੋਇੰਗ (ਬੀਏ) ਵਰਗੀਆਂ ਏਅਰਕ੍ਰਾਫਟ ਨਿਰਮਾਤਾਵਾਂ ਨੇ ਪਹਿਲਾਂ ਹੀ ਰੂਸੀ ਏਅਰਲਾਈਨਜ਼ ਦੇ ਜਹਾਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਉਡਾਉਣ ਲਈ ਲੋੜੀਂਦੇ ਸਪੇਅਰ ਪਾਰਟਸ ਦੀ ਸਪਲਾਈ ਵਿੱਚ ਕਟੌਤੀ ਕਰ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ ਦਾ ਸਮਰਥਨ ਕਰਨ 'ਤੇ ਆਸਟ੍ਰੇਲੀਆ ਨੇ ਚੀਨ ਨੂੰ ਦਿੱਤੀ ਇਹ ਧਮਕੀ

ਹਵਾਬਾਜ਼ੀ ਵਿਸ਼ਲੇਸ਼ਣ ਫਰਮ ਸੀਰੀਅਮ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਰੂਸੀ ਏਅਰਲਾਈਨਜ਼ 305 ਏਅਰਬੱਸ ਜੈੱਟ ਅਤੇ 332 ਬੋਇੰਗ ਜੈੱਟ ਚਲਾਉਂਦੀਆਂ ਹਨ। ਰੂਸ ਕੋਲ ਪੱਛਮੀ ਨਿਰਮਾਤਾਵਾਂ ਜਿਵੇਂ ਕਿ ਬੰਬਾਰਡੀਅਰ, ਐਂਬਰੇਅਰ ਅਤੇ ਏਟੀਆਰ ਦੁਆਰਾ ਬਣਾਏ 83 ਖੇਤਰੀ ਜੈੱਟ ਵੀ ਹਨ। ਰੂਸੀ ਏਅਰਲਾਈਨਜ਼ ਦੇ ਸਰਗਰਮ ਫਲੀਟ ਵਿੱਚੋਂ ਸਿਰਫ 144 ਜਹਾਜ਼ ਰੂਸ ਵਿੱਚ ਨਿਰਮਿਤ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News