PU ਦੇ 2 ਰਿਸਰਚ ਸਕਾਲਰਾਂ ਨੇ 60 ਦਿਨਾਂ 'ਚ ਕੀਤਾ 9 ਦੇਸ਼ਾਂ ਦਾ ਸਫਰ, ਤਸਵੀਰਾਂ
Sunday, Oct 06, 2019 - 12:23 PM (IST)

ਵੈਬ ਡੈਸਕ (ਹਰਪ੍ਰੀਤ ਸਿੰਘ ਕਾਹਲੋਂ)— ਅਕਸਰ ਅਸੀਂ ਆਪਣੇ ਵੱਡਿਆਂ ਤੋਂ ਸੁਣਦੇ ਹਾਂ ਕਿ ਸਾਡੇ ਗੁਰੂਆਂ ਨੇ ਇੰਝ ਉਦਾਸੀਆਂ ਕੀਤੀਆਂ। ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਅਤੇ ਬਾਲੇ ਨਾਲ ਇੰਝ ਦੁਨੀਆ ਦੇ ਲੰਮੇ ਪੈਂਡਿਆਂ ਨੂੰ ਗੁਰਬਾਣੀ ਨਾਲ ਰੋਸ਼ਨ ਕਰਦੇ ਗਏ। ਇੰਝ ਘੁੰਮਦਿਆਂ ਜੋ ਮੈਂ ਮਹਿਸੂਸ ਕੀਤਾ ਉਹ ਇਹ ਹੈ ਕਿ ਸਾਡੇ ਰਸਤਿਆਂ ਦੀ ਦੁਨੀਆ ਬਹੁਤ ਖੂਬਸੂਰਤ ਹੈ। ਦੂਜੀ ਥਾਵੇਂ ਵੱਸਦੇ ਲੋਕਾਂ ਬਾਰੇ ਅਜਬ ਭੁਲੇਖੇ ਅਤੇ ਬੇਗਾਨੀ ਧਰਤੀ ਦੇ ਹਜ਼ਾਰਾਂ ਡਰਾਂ ਨਾਲ ਅਸੀਂ ਵਾਧੂ ਹੀ ਘਿਰੇ ਹੋਏ ਹਾਂ। ਬੇਕਿਰਕ ਸਰਹੱਦਾਂ ਤੋਂ ਪਾਰ ਦੇ ਲੋਕ ਸਾਡੇ ਵਾਂਗੂੰ ਹੀ ਹੱਸਦੇ ਹਨ। ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ, ਘਾਲਣਾ ਅਤੇ ਪੱਤਝੜ-ਸਾਉਣ ਵੀ ਸਾਡੇ ਵਾਂਗੂੰ ਹਨ।
ਇਸ ਕਹਾਣੀ ਨੂੰ ਅਸੀਂ ਸ਼ੁਰੂ ਕਰਦਿਆਂ ਜੋ ਜਾਣਿਆ ਉਹ ਇਹੋ ਹੈ ਕਿ ਦੁਨੀਆ ਡਰ ਵਿਚ ਜਿਉ ਰਹੀ ਹੈ ਪਰ ਇਹ ਬਹੁਤ ਖੂਬਸੂਰਤ ਹੈ। ਇਨ੍ਹਾਂ ਗੱਲਾਂ ਦੇ ਨਾਲ ਆਪਣੇ ਅਹਿਸਾਸ ਨੂੰ ਬਿਆਨ ਕਰਦੀ ਹੋਈ ਇਹ ਜੋੜੀ ਰਿਪਨਦੀਪ ਸਿੰਘ ਚਾਹਲ ਅਤੇ ਖੁਸ਼ਮਨਪ੍ਰੀਤ ਕੌਰ ਦੀ ਹੈ। ਪੰਜਾਬੀ ਯੂਨੀਵਰਸਿਟੀ (PU) ਦੇ ਇਨ੍ਹਾਂ ਦੋ ਰਿਸਰਚ ਸਕਾਲਰਾਂ ਨੇ 7000 ਕਿਲੋਮੀਟਰ, 8 ਟਾਈਮ ਜ਼ੋਨ, 9 ਦੇਸ਼ਾਂ ਦਾ 60 ਦਿਨਾਂ ਸਫਰ ਪੂਰਾ ਕੀਤਾ। ਦੋਵਾਂ ਦਾ ਸੁਪਨਾ ਹੈ ਕਿ ਦੇਸ਼ ਦਰ ਦੇਸ਼ ਸਰਹੱਦਾਂ ਨੂੰ ਪਾਰ ਕਰਦਿਆਂ ਇੱਕ ਦਿਨ ਸਾਰੀ ਦੁਨੀਆ ਘੁੰਮੀਏ, ਲੋਕਾਂ ਨਾਲ ਗੱਲਾਂ ਬਾਤਾਂ ਕਰੀਏ ਅਤੇ ਜਾਣੀਏ ਅਜਿਹਾ ਕੀ ਹੈ ਜੋ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਗੱਲ ਕਰਨ ਤੋਂ ਰੋਕ ਰਿਹਾ ਹੈ ਜਦੋਂ ਕਿ ਇਹ ਇਨਸਾਨ ਹੱਡ ਮਾਸ ਦੇ ਇੱਕੋ ਜਿਹੇ ਹੀ ਤਾਂ ਹਨ ।
ਭਾਰਤ ਤੋਂ ਰੂਸ ਵਾਇਆ ਅਫ਼ਗਾਨਿਸਤਾਨ ਕਜ਼ਾਕਿਸਤਾਨ : ਰਿਪਨਦੀਪ ਅਤੇ ਖੁਸ਼ਮਨ ਦੋਵੇਂ ਮੋਢਿਆਂ ਉੱਤੇ ਬੈਗ ਟੰਗ ਕੇ ਸੜਕੋਂ-ਸੜਕ ਜਾਂਦੇ, ਲਿਫ਼ਟ ਲੈਂਦੇ, ਲੋਕਾਂ ਨੂੰ ਮਿਲਦੇ, ਉਨ੍ਹਾਂ ਲੋਕਾਂ ਦੀ ਪ੍ਰਾਹੁਣਚਾਰੀ ਨੂੰ ਮਾਣਦੇ, ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਰਹਿੰਦੇ, ਇੱਕ ਦੇਸ਼ ਤੋਂ ਦੂਜੇ, ਦੂਜੇ ਦੇਸ਼ ਤੋਂ ਤੀਜੇ ਸਫ਼ਰ ਕਰਦੇ ਕਰਦੇ ਰੂਸ ਪਹੁੰਚੇ ਹਨ।ਰਿਪਨਜੀਤ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਮਹਿਕਮੇ ਤੋਂ ਪੀ.ਐੱਚ.ਡੀ. ਦਾ ਵਿਦਿਆਰਥੀ ਹੈ।ਰਿਪਨਜੀਤ ਦਾ ਵਿਸ਼ਾ ਖਾਲਸਾ ਏਡ ਹੈ।ਖੁਸ਼ਮਨ ਪ੍ਰੀਤ ਵੀ ਪੀ.ਐੱਚ.ਡੀ. ਕਰ ਰਹੀ ਹੈ ਅਤੇ ਉਸ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਹਨ।ਦੋਵੇਂ ਚਾਹੁੰਦੇ ਸਨ ਕਿ ਉਨ੍ਹਾਂ ਰਾਹਾਂ ਦਾ ਸਫ਼ਰ ਕੀਤਾ ਜਾਵੇ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਦੀਆਂ ਕਹਾਣੀਆਂ ਹਨ ਅਤੇ ਜਿਨ੍ਹਾਂ ਥਾਵਾਂ ਤੇ ਖਾਲਸਾ ਏਡ ਨੇ ਕੰਮ ਕੀਤਾ ਅਤੇ ਉਸ ਕੰਮ ਤੋਂ ਬਾਅਦ ਸਿੱਖ ਦੀ ਪਛਾਣ ਉਸ ਭਾਈਚਾਰੇ ਵਿੱਚ ਕੀ ਹੈ ਉਸ ਨੂੰ ਜਾਣਿਆ ਜਾਵੇ।
ਰਿਪਨਜੀਤ ਦੱਸਦਾ ਹੈ ਕਿ ਵੱਖ-ਵੱਖ ਦੇਸ਼ਾਂ ਦਾ ਇਸ ਢੰਗ ਦਾ ਸਫ਼ਰ ਬਹੁਤ ਤਜਰਬੇ ਵਾਲਾ ਹੈ। ਇਸ ਸਫਰ ਦੌਰਾਨ ਉਨ੍ਹਾਂ ਨੇ ਉਜ਼ਬੇਕਿਸਤਾਨ ਤੋਂ ਕਜ਼ਾਕਿਸਤਾਨ 6 ਦਿਨਾਂ ਦਾ ਸਫਰ ਸਿਰਫ 700 ਰੁਪਏ ਵਿੱਚ ਕੀਤਾ। ਅਜਿਹਾ ਇਸ ਕਰਕੇ ਸੰਭਵ ਹੋਇਆ ਕਿਉਂਕਿ ਅਸੀਂ ਸਫਰ ਵੀ ਲਿਫਟ ਲੈ ਕੇ ਕੀਤਾ ਅਤੇ ਉਸੇ ਦੇਸ਼ ਦੇ ਘਰਾਂ ਵਿਚ ਹੀ ਆਸਰਾ ਲਿਆ।ਸੋ ਤੁਸੀਂ ਸਮਝ ਸਕਦੇ ਹੋ ਕਿ ਘੁੰਮਣ ਲਈ ਪੈਸਾ ਨਹੀਂ ਚਾਹੀਦਾ, ਸਮਾਂ ਚਾਹੀਦਾ ਹੁੰਦਾ ਹੈ।ਰਿਪਨਦੀਪ ਦੱਸਦਾ ਹੈ ਕਿ ਸਮਰਕੰਦ ਵਿੱਚ ਉਨ੍ਹਾਂ ਨੂੰ ਇੱਕ ਤੁਰਕੀ ਬੰਦਾ ਮਿਲਣ ਆਇਆ।ਉਹਨੂੰ ਸਾਡੇ ਬਾਰੇ ਕਾਊਚ ਸਰਫਿੰਗ ਤੋਂ ਪਤਾ ਲੱਗਾ ਅਤੇ ਉਹਨੇ ਸਾਨੂੰ ਆਪਣੀ ਪ੍ਰਾਹੁਣਚਾਰੀ ਦਾ ਸੱਦਾ ਦਿੱਤਾ ਤਾਂ ਕਿ ਉਹ ਸਾਡੇ ਨਾਲ ਗੱਲਾਂ ਕਰ ਸਕੇ ਅਤੇ ਸਾਡੀ ਕਹਾਣੀ ਸੁਣ ਸਕੇ।ਕਾਊਚ ਸਰਫਿੰਗ ਇੱਕ ਅਜਿਹਾ ਇੰਟਰਨੈੱਟ ਪਲੇਟਫਾਰਮ ਹੈ ਜਿੱਥੇ ਤੁਸੀਂ ਕਿਸੇ ਵੀ ਦੇਸ਼ ਵਿੱਚ ਜਾ ਕੇ ਕਿਸੇ ਦੇ ਘਰ ਉਹਦੀ ਇਜਾਜ਼ਤ ਦੇ ਨਾਲ ਪ੍ਰਾਹੁਣੇ ਬਣ ਕੇ ਜਾ ਸਕਦੇ ਹੋ।
ਰਿਸਰਚ ਸਕਾਲਰਾਂ ਦੀ ਦੁਨੀਆ : ਖੁਸ਼ਮਨ ਪ੍ਰੀਤ ਦੱਸਦੀ ਹੈ ਕਿ ਉਹ ਅਤੇ ਰਿਪਨ 2013 ਵਿੱਚ ਇੱਕ ਦੂਜੇ ਨੂੰ ਮਿਲੇ। ਰਿਪਨ ਨੇ ਦੱਸਿਆ ਕਿ ਉਸ ਨੇ ਘੁੰਮਣ ਦੀ ਸ਼ੁਰੂਆਤ 2012 ਤੋਂ ਕੀਤੀ। ਘੁੰਮਣ ਦੇ ਸ਼ੌਂਕ ਬਾਰੇ ਗੱਲ ਕਰਦਿਆਂ ਰਿਪਨ ਦੱਸਦਾ ਹੈ ਕਿ ਉਹ ਆਪਣੇ ਪਿਤਾ ਨਾਲ ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਗੁਰਧਾਮਾਂ ਦੀ ਯਾਤਰਾ 'ਤੇ ਨਿੱਕੇ ਹੁੰਦਿਆਂ ਤੋਂ ਜਾਂਦਾ ਸੀ ਜਿਸ ਤੋਂ ਬਾਅਦ ਵੱਡੇ ਹੁੰਦਿਆਂ ਇਸ ਆਦਤ ਨਾਲ ਪੂਰੇ ਭਾਰਤ ਨੂੰ ਘੁੰਮ ਕੇ ਵੇਖਿਆ।ਰਿਪਨ ਮੁਤਾਬਕ ਸਭ ਤੋਂ ਪਹਿਲਾਂ ਮਨ ਵਿੱਚ ਇਹ ਸੀ ਕਿ ਆਪਣਾ ਦੇਸ਼ ਆਪਣੀ ਧਰਤੀ ਘੁੰਮ ਕੇ ਵੇਖਣੀ ਚਾਹੀਦੀ ਹੈ ਇੰਝ ਸਿਲੀਗੁੜੀ, ਦਾਰਜਲਿੰਗ, ਸਿੱਕਮ ਤੋਂ ਲੈ ਕੇ ਦੱਖਣ ਭਾਰਤ ਤੱਕ ਬਹੁਤ ਥਾਵਾਂ 'ਤੇ ਘੁੰਮਣ ਦਾ ਮੌਕਾ ਮਿਲਿਆ।
ਘੁੰਮਦੇ-ਘੁੰਮਦੇ ਇੰਡੋਨੇਸ਼ੀਆ ਦੀ ਸੜਕੋਂ ਸੜਕੀ ਦੋ ਮਹੀਨੇ ਕੀਤੀ ਯਾਤਰਾ ਨੇ ਸਾਨੂੰ ਹੋਰ ਵਿਸ਼ਵਾਸ ਵਿੱਚ ਲੈ ਆਂਦਾ ਅਤੇ ਅਸੀਂ ਹੋਰ ਘੁੰਮਣ ਦਾ ਮਨ ਬਣਾਇਆ।ਖੁਸ਼ਮਨ ਪ੍ਰੀਤ ਕਹਿੰਦੀ ਹੈ ਕਿ ਅਜਿਹਾ ਨਹੀਂ ਕਿ ਸਾਡੇ ਘੁੰਮਣ ਨੂੰ ਲੈ ਕੇ ਸਭ ਕੁਝ ਠੀਕ ਰਹਿੰਦਾ ਹੈ।ਕਈ ਵਾਰ ਘਰ ਦੇ ਡਰ ਵੀ ਜਾਂਦੇ ਹਨ ਪਰ ਸੱਚ ਤਾਂ ਇਹ ਹੈ ਕੇ ਬਾਹਰ ਵੀ ਆਪਣੇ ਵਰਗੇ ਲੋਕ ਹੀ ਹਨ। ਲੋਕ-ਵਿਚਾਰ-ਦੁਨੀਆ ਅਤੇ ਸਫਰ : ਇਸ ਬਾਰੇ ਖੁਸ਼ਮਨਪ੍ਰੀਤ ਅਤੇ ਰਿਪਨਦੀਪ ਬੜੇ ਦਿਲਚਸਪ ਤਜਰਬੇ ਸਾਂਝੇ ਕਰਦੇ ਹਨ । ਖੁਸ਼ਮਨ ਕਹਿੰਦੀ ਹੈ ਕਿ ਜਦੋਂ ਅਸੀਂ ਕਿਸੇ ਥਾਂ ਉੱਤੇ ਜਾਂਦੇ ਹਾਂ ਤਾਂ ਸਾਨੂੰ ਲੱਗਦਾ ਹੈ ਇਹ ਬਹੁਤ ਸੋਹਣੀ ਹੈ ਇੱਥੇ ਦੁਬਾਰਾ ਆਵਾਂਗੇ ਪਰ ਜਦੋਂ ਅਸੀਂ ਅੱਗੇ ਜਾਂਦੇ ਹਾਂ ਤਾਂ ਉਹ ਥਾਂ ਉਸ ਤੋਂ ਵੀ ਖੂਬਸੂਰਤ ਹੁੰਦੀ ਹੈ। ਰਿਪਨਦੀਪ ਸਰਹੱਦਾਂ ਬਾਰੇ ਖੁੱਲ੍ਹ ਕੇ ਬੋਲਦਿਆਂ ਕਹਿੰਦਾ ਹੈ ਕਿ ਹੱਦਾਂ ਸਰਹੱਦਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਬਾਰਡਰ ਵੀਜ਼ੇ ਕੁਦਰਤ ਤੋਂ ਉੱਪਰ ਨਹੀਂ ਹਨ। ਇਸ ਘੁੰਡੀ ਨੂੰ ਉਹ ਈਰਾਨ ਤੇ ਇਜ਼ਰਾਈਲ ਦੇ ਹਵਾਲੇ ਨਾਲ ਸਮਝਾਉਂਦਾ ਹੈ। ਰਿਪਨ ਮੁਤਾਬਕ ਜੇ ਤੁਸੀਂ ਈਰਾਨ ਗਏ ਤਾਂ ਤੁਹਾਨੂੰ ਇਜ਼ਰਾਈਲ ਦਾ ਵੀਜ਼ਾ ਨਹੀਂ ਮਿਲਦਾ ਅਤੇ ਜੇ ਤੁਸੀਂ ਇਜ਼ਰਾਈਲ ਗਏ ਤਾਂ ਈਰਾਨ ਦਾ ਵੀਜ਼ਾ ਨਹੀਂ ਮਿਲੇਗਾ।ਜਦੋਂ ਕਿ ਮੇਰੇ ਵਰਗਾ ਆਜ਼ਾਦ ਮਨ ਇਹ ਦੋਵੇਂ ਦੇਸ਼ ਘੁੰਮਣਾ ਚਾਹੁੰਦਾ ਹੈ।
ਦੁਨੀਆ ਡਰ ਅਤੇ ਮੁਹੱਬਤ : ਰਿਪਨਦੀਪ ਸਿੰਘ ਚਾਹਲ ਅਤੇ ਖੁਸ਼ਮਨਪ੍ਰੀਤ ਕੌਰ ਆਉਣ ਵਾਲੀ ਜ਼ਿੰਦਗੀ ਵਿੱਚ 195 ਦੇਸ਼ ਘੁੰਮਣਾ ਚਾਹੁੰਦੇ ਹਨ। ਰਿਪਨ ਕਹਿੰਦਾ ਹੈ ਕਿ ਜਦੋਂ ਉਹ ਭਾਰਤ ਤੋਂ ਇੰਡੋਨੇਸ਼ੀਆ ਗਏ ਤਾਂ ਉਹ ਵਾਇਆ ਬਰਮਾ, ਥਾਈਲੈਂਡ, ਕੰਬੋਡੀਆ, ਵੀਅਤਨਾਮ, ਲਾਉਸ, ਮਲੇਸ਼ੀਆ, ਸਿੰਗਾਪੁਰ ਪਹੁੰਚੇ ਸਨ। ਆਪਣੇ ਤਾਜ਼ਾ ਸਫ਼ਰ ਦੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਰਿਪਨ ਦੱਸਦਾ ਹੈ ਕਿ ਜਦੋਂ ਉਨ੍ਹਾਂ ਨੇ ਭਾਰਤ ਤੋਂ ਅਫ਼ਗਾਨਿਸਤਾਨ ਵਾਇਆ ਕਜ਼ਾਕਿਸਤਾਨ ਰੂਸ ਦਾ ਸੜਕੋਂ ਸੜਕੀ ਸਫਰ ਵਿੱਢਿਆ ਤਾਂ ਉਨ੍ਹਾਂ ਨੂੰ ਸ਼ੁਰੂਆਤ ਵਿੱਚ ਵੀਜ਼ਾ ਨਹੀਂ ਮਿਲਿਆ ਸੀ। ਵੀਜ਼ਾ ਨਾ ਦੇਣ ਦਾ ਜਵਾਬ ਸੀ ਸਾਡੀ ਸੁਰੱਖਿਆ ਅਤੇ ਇਸ ਸੁਰੱਖਿਆ ਦੇ ਡਰ ਨਾਲ ਸਾਨੂੰ ਇਹ ਵੀ ਦੱਸਿਆ ਗਿਆ ਸੀ ਕਿ ਅਫ਼ਗਾਨਿਸਤਾਨ ਅੰਦਰ ਲੋਕ ਚੰਗੇ ਨਹੀਂ ਹਨ। ਪਰ ਜਦੋਂ ਅਸੀਂ ਅਫਗਾਨਿਸਤਾਨ ਪਹੁੰਚੇ ਤਾਂ ਬੰਦੇ ਬਹੁਤ ਚੰਗੇ ਮਿਲੇ।
ਅਫਗਾਨਿਸਤਾਨ ਤੋਂ ਕਜਾਕਿਸਤਾਨ, ਕਜਾਕਿਸਤਾਨ ਤੋਂ ਉਸ ਦੇ ਕਿਸਾਨ ਉਜ਼ਬੇਕਿਸਤਾਨ ਤੋਂ ਰੂਸ ਜਾਂਦਿਆਂ ਹੋਇਆਂ ਉਨ੍ਹਾਂ ਦੇਸ਼ ਦੇ ਚੰਗੇ ਬੰਦਿਆਂ ਨੇ ਅਗਲੇ ਦੇਸ਼ ਦੇ ਬੰਦਿਆਂ ਬਾਰੇ ਖਦਸ਼ਾ ਹੀ ਜ਼ਾਹਰ ਕੀਤਾ ਪਰ ਸਾਨੂੰ ਉਥੇ ਪਹੁੰਚਣ ਤੇ ਹਮੇਸ਼ਾ ਬੰਦੇ ਚੰਗੇ ਹੀ ਮਿਲਦੇ ਗਏ । ਰਿਪਨ ਕਹਿੰਦਾ ਹੈ ਕਿ ਇਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਹਰ ਦੇਸ਼ ਦੇ ਅੰਦਰ ਲੋਕ ਚੰਗੇ ਹੁੰਦੇ ਹਨ ਪਰ ਉਹ ਇੱਕ ਦੂਜੇ ਨੂੰ ਕਦੇ ਮਿਲੇ ਹੀ ਨਹੀਂ ਅਤੇ ਇਸੇ ਡਰ ਵਿੱਚ ਉਨ੍ਹਾਂ ਨੇ ਇੱਕ ਧਾਰਨਾ ਬਣਾ ਲਈ ਹੈ ਕਿ ਦੂਜੇ ਦੇਸ਼ ਦੇ ਲੋਕ ਚੰਗੇ ਨਹੀਂ ਹਨ ਜਦੋਂ ਕਿ ਸਾਰੀ ਦੁਨੀਆ ਚੰਗੀ ਹੀ ਹੈ। ਰਿਪਨ ਅਤੇ ਖੁਸ਼ਮਨ ਦੋਵੇਂ ਹੱਸਦੇ ਹੋਏ ਕਹਿੰਦੇ ਹਨ ਇਹ ਦੁਨੀਆ ਯਕੀਨ ਨਾਲ ਅਤੇ ਆਪਸ ਵਿੱਚ ਮਿਲਣ ਨਾਲ ਹੀ ਸਦਾ ਆਬਾਦ ਰਹੇਗੀ ਇਸ ਕਰਕੇ ਘੁੰਮਣਾ ਬਹੁਤ ਜ਼ਰੂਰੀ ਹੈ ਇਹ ਬਾਬੇ ਨਾਨਕ ਦਾ ਸੰਦੇਸ਼ ਸੀ ਅਤੇ ਇਹ ਅਸੀਂ ਆਪਣੇ ਗੁਰੂਆਂ ਦੇ ਕਹੇ ਉੱਤੇ ਕਰ ਰਹੇ ਹਾਂ ।