ਰੂਸ ਨਾਟੋ ਦੀ ਪ੍ਰਮਾਣੂ ਸਮਰੱਥਾ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ : ਪੁਤਿਨ

Monday, Feb 27, 2023 - 12:17 AM (IST)

ਟੈਲਿਨ (ਐਸਟੋਨੀਆ) (ਏਪੀ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਪ੍ਰਸਾਰਿਤ ਇਕ ਇੰਟਰਵਿਊ 'ਚ 'ਨਿਊ ਸਟਾਰਟ' (ਨਵੀਂ ਰਣਨੀਤਕ ਹਥਿਆਰਾਂ ਦੀ ਕਮੀ ਸੰਧੀ) ਸੰਧੀ ਵਿੱਚ ਭਾਗੀਦਾਰੀ ਨੂੰ ਮੁਅੱਤਲ ਕਰਨ ਦੇ ਆਪਣੇ ਦੇਸ਼ ਦੇ ਤਾਜ਼ਾ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਰੂਸ ਕੋਲ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀਆਂ ਪ੍ਰਮਾਣੂ ਸਮਰੱਥਾਵਾਂ ਨੂੰ ਦੇਖਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਪੁਤਿਨ ਨੇ ਦੁਹਰਾਇਆ ਕਿ ਰੂਸ ਦੀ ਹੋਂਦ ਖ਼ਤਰੇ ਵਿੱਚ ਹੈ ਕਿਉਂਕਿ ਉਨ੍ਹਾਂ ਦੇ ਅਨੁਸਾਰ ਨਾਟੋ ਦੇ ਮੈਂਬਰ ਦੇਸ਼ ਦੀ "ਰਣਨੀਤਕ ਹਾਰ" ਦੇਖਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਅਜਬ-ਗਜ਼ਬ : ਸਵਿਟਜ਼ਰਲੈਂਡ ਦੀ ਇਸ ਅਨੋਖੀ ਘੜੀ 'ਚ ਕਦੇ ਨਹੀਂ ਵੱਜਦੇ 12, ਕਾਫੀ ਰੌਚਕ ਹੈ ਵਜ੍ਹਾ

ਉਨ੍ਹਾਂ ਨੇ ਰੂਸ ਦੇ ਸਰਕਾਰੀ ਟੀਵੀ ਨੂੰ ਦੱਸਿਆ ਕਿ ਨਿਊ ਸਟਾਰਟ ਭਾਗੀਦਾਰੀ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਰੂਸ ਲਈ "ਸੁਰੱਖਿਆ, ਰਣਨੀਤਕ ਸਥਿਰਤਾ ਨੂੰ ਯਕੀਨੀ ਬਣਾਉਣ" ਦੀ ਜ਼ਰੂਰਤ ਦੇ ਕਾਰਨ ਸੀ। "ਅਸੀਂ ਇਨ੍ਹਾਂ ਹਾਲਾਤ ਵਿੱਚ ਉਨ੍ਹਾਂ ਦੀ ਪ੍ਰਮਾਣੂ ਸਮਰੱਥਾ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹਾਂ ਜਦੋਂ ਸਾਰੇ ਪ੍ਰਮੁੱਖ ਨਾਟੋ ਦੇਸ਼ਾਂ ਨੇ ਸਾਡੀ ਰਣਨੀਤਕ ਹਾਰ ਨੂੰ ਆਪਣਾ ਮੁੱਖ ਟੀਚਾ ਐਲਾਨਿਆ  ਹੈ?" ਪੁਤਿਨ ਨੇ ਮੰਗਲਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਰੂਸ ਨਿਊ ਸਟਾਰਟ ਸੰਧੀ ਵਿੱਚ ਆਪਣੀ ਭਾਗੀਦਾਰੀ ਨੂੰ ਮੁਅੱਤਲ ਕਰ ਰਿਹਾ ਹੈ, ਜਿਸ ਦਾ ਉਦੇਸ਼ ਪ੍ਰਮਾਣੂ ਹਥਿਆਰਾਂ ਦੇ ਵਿਸਤਾਰ ਨੂੰ ਰੋਕਣਾ ਹੈ। ਇਹ ਸੰਧੀ ਸੰਯੁਕਤ ਰਾਜ ਦੇ ਨਾਲ ਰੂਸ ਦਾ ਆਖਰੀ ਬਾਕੀ ਬਚਿਆ ਪ੍ਰਮਾਣੂ ਹਥਿਆਰ ਕੰਟਰੋਲ ਸਮਝੌਤਾ ਹੈ।

ਇਹ ਵੀ ਪੜ੍ਹੋ : ਅਮਿਤ ਸ਼ਾਹ ਦੀ ਪੰਜਾਬ ਯਾਤਰਾ ਹੈ ਸਿਆਸੀ, ਅਕਾਲੀਆਂ ਵੇਲੇ ਕਿੱਥੇ ਸਨ : CM ਮਾਨ

ਪੁਤਿਨ ਨੇ ਇਹ ਵੀ ਐਲਾਨ ਕੀਤਾ ਕਿ ਉਹ ਯੂਕ੍ਰੇਨ ਵਿੱਚ ਜੰਗ ਨੂੰ ਲੈ ਕੇ ਆਪਣੀ ਰਣਨੀਤੀ ਨਹੀਂ ਬਦਲਣਗੇ। ਇਸ ਐਲਾਨ ਨਾਲ ਪੱਛਮੀ ਦੇਸ਼ਾਂ ਅਤੇ ਰੂਸ ਵਿਚਾਲੇ ਤਣਾਅ ਵਧਣ ਦੀ ਉਮੀਦ ਹੈ। 'ਨਿਊ ਸਟਾਰਟ' ਸੰਧੀ 'ਤੇ ਰੂਸ ਅਤੇ ਅਮਰੀਕਾ ਨੇ 2010 ਵਿੱਚ ਦਸਤਖਤ ਕੀਤੇ ਸਨ। ਇਹ ਸੰਧੀ ਲੰਬੀ ਦੂਰੀ ਦੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ, ਜੋ ਦੋਵਾਂ ਦੇਸ਼ਾਂ ਦੁਆਰਾ ਤਾਇਨਾਤ ਕੀਤੇ ਜਾ ਸਕਦੇ ਹਨ ਅਤੇ ਪ੍ਰਮਾਣੂ ਹਥਿਆਰਾਂ ਨੂੰ ਲਿਜਾਣ ਦੇ ਸਮਰੱਥ ਮਿਜ਼ਾਈਲਾਂ ਦੀ ਵਰਤੋਂ ਨੂੰ ਵੀ ਸੀਮਤ ਕਰਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News