ਪੁਤਿਨ ਦੀ ਕਥਿਤ ਪ੍ਰੇਮਿਕਾ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ
Wednesday, May 29, 2019 - 11:13 AM (IST)
ਮਾਸਕੋ (ਬਿਊਰੋ)— ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਕਥਿਤ ਪ੍ਰੇਮਿਕਾ ਨੇ ਇਸ ਮਹੀਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਸੂਤਰਾਂ ਮੁਤਾਬਕ ਸਾਬਕਾ ਓਲਪਿੰਕ ਗੋਲਡ ਮੈਡਲਿਸਟ ਤੇ ਜਿਮਨਾਸਟ ਐਲੀਨਾ ਕਬਾਯੇਵਾ ਅਤੇ ਪੁਤਿਨ ਕਾਫੀ ਸਮੇਂ ਤੋਂ ਇਕੱਠੇ ਰਹਿ ਰਹੇ ਹਨ। ਰੂਸ ਦੇ ਇਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਕਬਾਯੇਵਾ ਕਾਰਨ ਕੁਲਾਕੋਵ ਦੇ ਹਸਪਤਾਲ ਦੇ ਵੀ.ਆਈ.ਪੀ. ਫਲੋਰ ਨੂੰ ਖਾਲੀ ਕਰਵਾਇਆ ਗਿਆ ਸੀ। ਭਾਵੇਂਕਿ ਰੂਸੀ ਕ੍ਰੇਮਲਿਨ (ਪ੍ਰਬੰਧਕੀ ਦਫਤਰ) ਨੇ ਅਜਿਹੀ ਰਿਪੋਰਟ ਨੂੰ ਖਾਰਿਜ ਕੀਤਾ ਹੈ।
ਇਸ ਦੇ ਇਲਾਵਾ ਬੱਚਿਆਂ ਦੇ ਜਨਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਇਕ ਅੰਗਰੇਜ਼ੀ ਅਖਬਾਰ ਨੇ ਰੂਸ ਦੇ ਖੁਫੀਆ ਵਿਭਾਗ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਕਬਾਯੇਵਾ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ। ਸੀਜੇਰੀਅਨ ਡਿਲੀਵਰੀ ਵਿਚ ਇਟਲੀ ਦੇ ਡਾਕਟਰ ਨੇ ਮਦਦ ਕੀਤੀ। ਕਬਾਯੇਵਾ ਖੇਡ ਜਗਤ ਨੂੰ ਛੱਡ ਕੇ ਮਾਡਲ ਬਣ ਗਈ ਸੀ। ਉਹ 2014 ਤੱਕ ਸਾਂਸਦ ਵੀ ਰਹੀ। ਹੁਣ ਇਕ ਨੈਸ਼ਨਲ ਮੀਡੀਆ ਗਰੁੱਪ ਦੀ ਪ੍ਰਮੁੱਖ ਹੈ।
ਕਬਾਯੇਵਾ ਨੂੰ 'ਦੀ ਸੀਕਰੇਟ ਫਸਟ ਲੇਡੀ' ਕਿਹਾ ਜਾਂਦਾ ਹੈ। ਉਹ ਪੁਤਿਨ ਤੋਂ ਕਰੀਬ 30 ਸਾਲ ਛੋਟੀ ਹੈ। 'ਵੌਇਸ ਆਫ ਅਮਰੀਕਾ' ਮੁਤਾਬਕ ਅਫਵਾਹ ਸੀ ਕਿ 2008 ਵਿਚ ਵੀ ਕਬਾਯੇਵਾ ਨੇ ਨਿੱਜੀ ਸਵਿਸ ਕਲੀਨਿਕ ਵਿਚ ਇਕ ਬੇਟੀ ਨੂੰ ਜਨਮ ਦਿੱਤਾ ਸੀ। ਉਦੋਂ ਵੀ ਪ੍ਰਬੰਧਕੀ ਦਫਤਰ ਨੇ ਅਜਿਹੀਆਂ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪੁਤਿਨ ਨਿੱਜੀ ਜੀਵਨ ਬਾਰੇ ਜਨਤਕ ਤੌਰ 'ਤੇ ਕਦੇ ਖੁਲਾਸਾ ਨਹੀਂ ਕਰਦੇ। ਉਨ੍ਹਾਂ ਨੇ ਕਈ ਵਾਰ ਕਬਾਯੇਵਾ ਨਾਲ ਰਿਸ਼ਤਿਆਂ ਤੋਂ ਇਨਕਾਰ ਕੀਤਾ ਹੈ। 2013 ਵਿਚ ਪੁਤਿਨ ਦਾ ਆਪਣੀ ਪਤਨੀ ਲਿਊਡਮਿਲਾ ਨਾਲ ਤਲਾਕ ਹੋ ਗਿਆ ਸੀ। ਉਨ੍ਹਾਂ ਤੋਂ ਪੁਤਿਨ ਦੀਆਂ ਦੋ ਬੇਟੀਆਂ ਹਨ।
