'ਰਾਇਲ ਮਿੰਟ' ਨੇ ਮਹਾਰਾਜਾ ਚਾਰਲਸ III ਦੀ ਤਸਵੀਰ ਵਾਲੇ 'ਸਿੱਕੇ' ਕੀਤੇ ਜਾਰੀ
Friday, Sep 30, 2022 - 10:32 AM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੀ ਸ਼ਾਹੀ ਟਕਸਾਲ ਨੇ ਮਹਾਰਾਜਾ ਚਾਰਲਸ ਤੀਜੇ ਦੀ ਤਸਵੀਰ ਵਾਲੇ ਸਿੱਕੇ ਜਾਰੀ ਕੀਤੇ ਹਨ। ਬ੍ਰਿਟੇਨ 'ਚ ਲੋਕ ਦਸੰਬਰ ਮਹੀਨੇ ਤੋਂ ਇਨ੍ਹਾਂ ਸਿੱਕਿਆਂ ਨੂੰ ਦੇਖਣਾ ਸ਼ੁਰੂ ਕਰ ਦੇਣਗੇ, ਜਿਨ੍ਹਾਂ 'ਤੇ ਚਾਰਲਸ ਦੀ ਤਸਵੀਰ ਉੱਕਰੀ ਹੋਈ ਹੈ ਕਿਉਂਕਿ 50 ਪੈਂਸ ਦੇ ਇਹ ਸਿੱਕੇ ਹੌਲੀ-ਹੌਲੀ ਬਾਜ਼ਾਰ 'ਚ ਪਹੁੰਚਣਗੇ। ਬ੍ਰਿਟਿਸ਼ ਸਿੱਕਾ ਨਿਰਮਾਤਾ 'ਰਾਇਲ ਮਿੰਟ' ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿੱਕੇ 'ਤੇ ਨਵੇਂ ਮਹਾਰਾਜੇ ਦੀ ਤਸਵੀਰ ਬ੍ਰਿਟਿਸ਼ ਮੂਰਤੀਕਾਰ ਮਾਰਟਿਨ ਜੇਨਿੰਗਸ ਨੇ ਬਣਾਈ ਹੈ ਅਤੇ ਚਾਰਲਸ ਨੇ ਖੁਦ ਇਸ ਨੂੰ ਮਨਜ਼ੂਰੀ ਦਿੱਤੀ ਸੀ। ਪਰੰਪਰਾ ਦੇ ਅਨੁਸਾਰ ਸਿੱਕੇ 'ਤੇ ਮਹਾਰਾਜਾ ਦੀ ਤਸਵੀਰ ਉਸਦੀ ਮਾਂ, ਮਹਾਰਾਣੀ ਐਲਿਜ਼ਾਬੈਥ II ਦੀ ਤਸਵੀਰ ਦੇ ਉਲਟ ਪਾਸੇ ਵੱਲ ਹੈ। ਦੋਵੇਂ ਸਿੱਕੇ ਇਕੱਠੇ ਰੱਖਣ ਨਾਲ ਦੋਵਾਂ ਦੇ ਚਿਹਰੇ ਇੱਕ ਦੂਜੇ ਦੇ ਸਾਹਮਣੇ ਨਜ਼ਰ ਆਉਣਗੇ।
ਰਾਇਲ ਮਿੰਟ ਮਿਊਜ਼ੀਅਮ ਦੇ ਕ੍ਰਿਸ ਬਾਰਕਰ ਨੇ ਕਿਹਾ ਕਿ ਚਾਰਲਸ ਨੇ ਬ੍ਰਿਟਿਸ਼ ਸਿੱਕਿਆਂ ਦੀ ਆਮ ਪਰੰਪਰਾ ਦਾ ਪਾਲਣ ਕੀਤਾ ਹੈ। ਚਾਰਲਸ ਦੂਜੇ ਦੇ ਸਮੇਂ ਇਹ ਉਹੀ ਪਰੰਪਰਾ ਸੀ ਕਿ ਮਹਾਰਾਜੇ ਦੀ ਤਸਵੀਰ ਉਸ ਦੇ ਪੂਰਵਜ ਦੇ ਉਲਟ ਦਿਸ਼ਾ ਵੱਲ ਸੀ। ਚਾਰਲਸ ਨੂੰ ਸਿੱਕੇ 'ਤੇ ਤਾਜ ਤੋਂ ਬਿਨਾਂ ਦੇਖਿਆ ਜਾਂਦਾ ਹੈ। ਸਿੱਕੇ 'ਤੇ ਲਾਤੀਨੀ ਭਾਸ਼ਾ 'ਚ 'ਕਿੰਗ ਚਾਰਲਸ III, ਗ੍ਰੇਸ ਆਫ ਗੌਡ, ਡਿਫੈਂਡਰ ਆਫ ਦਾ ਫੇਥ' ਲਿਖਿਆ ਹੋਇਆ ਹੈ। ਸੋਮਵਾਰ ਨੂੰ ਐਲਿਜ਼ਾਬੈਥ ਦੇ ਜੀਵਨ ਅਤੇ ਵਿਰਾਸਤ ਦਾ ਸਨਮਾਨ ਕਰਦੇ ਹੋਏ ਇੱਕ ਵੱਖਰਾ 5 ਪੌਂਡ ਦਾ ਸਿੱਕਾ ਵੀ ਜਾਰੀ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਪਹਿਲੀ ਵਾਰ ਹਾਈ ਕੋਰਟ ਦੇ ਜ਼ਿਆਦਾਤਰ ਜੱਜਾਂ 'ਚ ਹੋਣਗੀਆਂ ਔਰਤਾਂ
ਇਸ ਸਿੱਕੇ ਦੇ ਇੱਕ ਪਾਸੇ ਚਾਰਲਸ ਦੀ ਤਸਵੀਰ ਹੋਵੇਗੀ, ਜਦਕਿ ਦੂਜੇ ਪਾਸੇ ਐਲਿਜ਼ਾਬੈਥ ਦੀਆਂ ਦੋ ਨਵੀਆਂ ਤਸਵੀਰਾਂ। ਸਾਊਥ ਵੇਲਜ਼ ਵਿੱਚ ਸ਼ਾਹੀ ਟਕਸਾਲ 1,100 ਸਾਲਾਂ ਤੋਂ ਵੱਧ ਸਮੇਂ ਤੋਂ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਲਈ ਸਿੱਕੇ ਬਣਾ ਰਹੀ ਹੈ। ਸ਼ਾਹੀ ਟਕਸਾਲ ਦੀ ਮੁੱਖ ਕਾਰਜਕਾਰੀ ਐਨੀ ਜੇਸੋਪ ਨੇ ਕਿਹਾ ਕਿ ਪਹਿਲਾਂ ਲੋਕ ਆਪਣੇ ਸਿੱਕਿਆਂ ਰਾਹੀਂ ਹੀ ਜਾਣ ਸਕਦੇ ਸਨ ਕਿ ਮਹਾਰਾਜਾ ਜਾਂ ਰਾਣੀ ਕਿਹੋ ਜਿਹੀ ਹੁੰਦੀ ਹੈ। ਅੱਜ ਵਾਂਗ ਸੋਸ਼ਲ ਮੀਡੀਆ ਨਾਲ ਨਹੀਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।