ਜਾਣੋ ਕੌਣ ਨੇ ਰੋਹਿੰਗਿਆ ਮੁਸਲਮਾਨ, ਫੌਜ ਵਲੋਂ ਉਨ੍ਹਾਂ ''ਤੇ ਜ਼ੁਲਮ ਅਤੇ ਪਲਾਇਨ ਦੀ ਵਜ੍ਹਾ

Wednesday, Sep 06, 2017 - 03:20 PM (IST)

ਜਾਣੋ ਕੌਣ ਨੇ ਰੋਹਿੰਗਿਆ ਮੁਸਲਮਾਨ, ਫੌਜ ਵਲੋਂ ਉਨ੍ਹਾਂ ''ਤੇ ਜ਼ੁਲਮ ਅਤੇ ਪਲਾਇਨ ਦੀ ਵਜ੍ਹਾ

ਮਿਆਂਮਾਰ— ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਤਾਬਕ ਪਿਛਲੇ ਦੋ ਹਫਤਿਆਂ ਵਿਚ 1,23,000 ਰੋਹਿੰਗਿਆ ਮੁਸਲਮਾਨ ਮਿਆਂਮਾਰ ਤੋਂ ਪਲਾਇਨ ਕਰ ਚੁੱਕੇ ਹਨ। ਬੀਤੀ 25 ਅਗਸਤ ਨੂੰ ਭੜਕੀ ਹਿੰਸਾ ਤੋਂ ਬਾਅਦ 400 ਲੋਕ ਮਾਰੇ ਜਾ ਚੁੱਕੇ ਹਨ। ਹੁਣ ਸਵਾਲ ਉੱਠਦਾ ਹੈ ਕਿ ਰੋਹਿੰਗਿਆ ਮੁਸਲਮਾਨਾਂ ਦਾ ਮੁੱਦਾ ਕੀ ਹੈ? ਰੋਹਿੰਗਿਆ ਮੁਸਲਮਾਨ ਕੌਣ ਹਨ? ਆਖਰਕਾਰ ਕਿਉਂ ਇਨ੍ਹਾਂ 'ਤੇ ਅਜਿਹਾ ਤਸ਼ੱਦਦ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮਿਆਂਮਾਰ ਤੋਂ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਵੱਲ ਪਲਾਇਨ ਕਰ ਚੁੱਕੇ ਹਨ।
ਆਓ ਜਾਣਦੇ ਹਾਂ ਇਨ੍ਹਾਂ ਬਾਰੇ—
ਮਿਆਂਮਾਰ ਵਿਚ 11 ਲੱਖ ਦੇ ਕਰੀਬ ਰੋਹਿੰਗਿਆ ਮੁਸਲਮਾਨ ਰਹਿੰਦੇ ਹਨ। ਰੋਹਿੰਗਿਆ ਮੁਸਲਮਾਨ ਖੁਦ ਨੂੰ ਅਰਬ ਅਤੇ ਫਾਰਸੀ ਕਾਰੋਬਾਰੀਆਂ ਦਾ ਵੰਸ਼ਜ ਮੰਨਦੇ ਹਨ। ਇਹ ਮੁਸਲਮਾਨ ਰੋਹਿੰਗਿਆ ਭਾਸ਼ਾ ਵਿਚ ਗੱਲ ਕਰਦੇ ਹਨ, ਜੋ ਕਿ ਬੰਗਲਾਦੇਸ਼ ਦੀ ਬੰਗਲਾ ਨਾਲ ਕਾਫੀ ਮਿਲਦੀ-ਜੁਲਦੀ ਹੈ। ਰੋਹਿੰਗਿਆ ਮੁਸਲਮਾਨਾਂ ਦਾ ਮੁੱਦਾ ਇਹ ਹੈ ਕਿ ਮਿਆਂਮਾਰ ਵਿਚ ਬਹੁਤ ਸਾਰੇ ਲੋਕ ਰੋਹਿੰਗਿਆ ਨੂੰ ਗੈਰ-ਕਾਨੂੰਨੀ ਪ੍ਰਵਾਸੀ ਮੰਨਦੇ ਹਨ। ਮਿਆਂਮਾਰ ਦੀ ਸਰਕਾਰ ਨੇ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਦਿੰਦੀ। ਸਰਕਾਰ ਨੇ ਰੋਹਿੰਗਿਆ ਮੁਸਲਮਾਨਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ। ਜਿਨ੍ਹਾਂ 'ਚੋਂ ਮੈਡੀਕਲ ਸਹੂਲਤ, ਸਿੱਖਿਆ, ਆਵਾਜਾਈ ਅਤੇ ਹੋਰ ਸਹੂਲਤਾਂ ਸ਼ਾਮਲ ਹਨ। ਇਨ੍ਹਾਂ ਰੋਹਿੰਗਿਆ ਮੁਸਲਮਾਨਾਂ 'ਤੇ ਤਸ਼ੱਦਦ ਦਾ ਦੋਸ਼ ਮਿਆਂਮਾਰ ਫੌਜ 'ਤੇ ਲਾਇਆ ਜਾ ਰਿਹਾ ਹੈ। 
ਇਸ ਤਾਜ਼ਾ ਵਿਵਾਦ ਤੋਂ ਬਾਅਦ ਮਿਆਂਮਾਰ ਦੀ ਕੌਂਸਲਰ ਅਤੇ ਨੋਬਲ ਪੁਰਸਕਾਰ ਜੇਤੂ ਆਂਗ ਸਾਨ ਸੂ ਕੀ ਨੇ ਕਿਹਾ ਹੈ ਕਿ ਸਰਕਾਰ ਰੋਹਿੰਗਿਆ ਮੁਸਲਮਾਨਾਂ ਦੇ ਅਧਿਕਾਰਾਂ ਦੀ ਰੱਖਿਆ ਕਰੇਗੀ। ਦੱਸਣਯੋਗ ਹੈ ਕਿ ਬਹੁਤ ਸਾਰੇ ਰੋਹਿੰਗਿਆ ਮੁਸਲਮਾਨ ਮਿਆਂਮਾਰ ਦੇ ਰਾਖਿਨ ਸੂਬੇ 'ਚ ਹਨ। ਸਾਲ 2015 'ਚ ਰੋਹਿੰਗਿਆ ਮੁਸਲਮਾਨਾਂ ਦਾ ਇਕ ਵਾਰ ਫਿਰ ਵੱਡੇ ਪੈਮਾਨੇ 'ਤੇ ਪਲਾਇਨ ਸ਼ੁਰੂ ਹੋਇਆ। ਜ਼ਿਆਦਾਤਰ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼, ਭਾਰਤ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਥਾਈਲੈਂਡ 'ਚ ਸ਼ਰਣਾਰਥੀ ਦੇ ਤੌਰ 'ਤੇ ਰਹਿ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਆਂਮਾਰ ਦੌਰ 'ਤੇ ਹਨ। ਇਸ ਲਈ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੁੱਦੇ ਦਾ ਛੇਤੀ ਹੀ ਕੋਈ ਹੱਲ ਲੱਭਿਆ ਜਾਵੇਗਾ।
 


Related News