ਨਿਵੇਸ਼ ਦੇ ਮਾਮਲੇ ’ਚ ਪਾਕਿਸਤਾਨ ਦੇ ਅਲੱਗ-ਥਲੱਗ ਪੈਣ ਦਾ ਖਤਰਾ : ਇਮਰਾਨ ਖਾਨ
Sunday, Sep 01, 2024 - 03:01 AM (IST)
ਇਸਲਾਮਾਬਾਦ - ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਦੇ (ਨਿਵੇਸ਼ ਦੇ ਮਾਮਲੇ ਵਿਚ) ਅਲੱਗ-ਥਲੱਗ ਪੈਣ ਦਾ ਖਤਰਾ ਹੈ ਕਿਉਂਕਿ ਸਿਆਸੀ ਅਸਥਿਰਤਾ ਅਤੇ ਅੱਤਵਾਦ ਨੇ ਅਰਥਵਿਵਸਥਾ ਨੂੰ ਤਬਾਹੀ ਦੇ ਕੰਢੇ ’ਤੇ ਪਹੁੰਚਾ ਦਿੱਤਾ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਥਾਪਕ ਖਾਨ (71) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੀ ਕਮਜ਼ੋਰ ਆਰਥਿਕਤਾ ਪਾਕਿਸਤਾਨ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਪਰ ਖੁਫੀਆ ਏਜੰਸੀਆਂ ਇਕ ਸਿਆਸੀ ਪਾਰਟੀ ਨੂੰ ਨਿਸ਼ਾਨਾ ਬਣਾਉਣ ਵਿਚ ਵਿਅਸਤ ਹਨ।
‘ਡਾਨ ਨਿਊਜ਼’ ਦੀ ਖਬਰ ਮੁਤਾਬਕ ਖਾਨ ਨੇ ਕਿਹਾ ਕਿ ਦੇਸ਼ ਅਲੱਗ-ਥਲੱਗ ਪੈਣ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੋਈ ਵੀ ਪਾਕਿਸਤਾਨ ਵਿਚ ਨਿਵੇਸ਼ ਨਹੀਂ ਕਰੇਗਾ ਕਿਉਂਕਿ ਦੇਸ਼ ਅੱਤਵਾਦ ਨਾਲ ਜੂਝ ਰਿਹਾ ਹੈ। ਖਾਨ ਨੇ ਅਦਾਲਤੀ ਕਾਰਵਾਈ ’ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਸੰਘੀ ਪਾਰਟੀ ਹੋਣ ਦੇ ਨਾਤੇ ਉਨ੍ਹਾਂ ਦੀ ਪਾਰਟੀ ਇਸ ਗੰਭੀਰ ਸਥਿਤੀ ਨਾਲ ਨਜਿੱਠ ਸਕਦੀ ਹੈ। ਖਾਨ ਨੇ ਕਿਹਾ ਕਿ ਸਿਆਸੀ ਪਾਰਟੀਆਂ ਹੀ ਦੇਸ਼ ਨੂੰ ਇਕਜੁੱਟ ਕਰ ਸਕਦੀਆਂ ਹਨ ਪਰ ਦੇਸ਼ ਵਿਆਪੀ ਮੌਜੂਦਗੀ ਵਾਲੀ ਉਨ੍ਹਾਂ ਦੀ ਪਾਰਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।