ਪਾਕਿਸਤਾਨ ਦੇ ਸਿੰਧ ''ਚ ਵਧ ਰਹੇ ਹਿੰਦੂਆਂ ਦੇ ਧਰਮ ਪਰਿਵਰਤਨ ਦੇ ਮਾਮਲੇ

05/17/2020 10:33:28 PM

ਇਸਲਾਮਾਬਾਦ (ਅਨਸ) - ਪਾਕਿਸਤਾਨ ਦੇ ਸਿੰਧ ਸੂਬੇ ਵਿਚ ਜ਼ਬਰਨ ਧਰਮ ਪਰਿਵਰਤਨ ਖਿਲਾਫ ਹਿੰਦੂਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਹਿੰਦੂਆਂ ਦਾ ਦੋਸ਼ ਹੈ ਕਿ ਤਬਲੀਗੀ ਜਮਾਤ ਉਨ੍ਹਾਂ ਨੂੰ ਧਰਮ ਬਦਲਣ ਲਈ ਮਜ਼ਬੂਰ ਕਰਦੀ ਹੈ। ਇਨਕਾਰ ਕਰਨ 'ਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਘਰ ਵੀ ਤੋੜ ਦਿੱਤੇ ਜਾਂਦੇ ਹਨ। ਇਨ੍ਹਾਂ ਲੋਕਾਂ ਦਾ ਦੋਸ਼ ਹੈ ਕਿ ਜਮਾਤ ਨੇ ਇਕ ਹਿੰਦੂ ਮੁੰਡੇ ਨੂੰ ਅਗਵਾਹ ਇਸ ਲਈ ਕਰ ਲਿਆ ਕਿਉਂਕਿ ਉਸ ਨੇ ਧਰਮ ਪਰਿਵਰਤਨ ਤੋਂ ਇਨਕਾਰ ਕਰ ਦਿੱਤਾ ਸੀ।

ਜ਼ਬਰਨ ਇਸਲਾਮ ਦੀ ਪੜਾਈ ਕਰਵਾਈ ਜਾਂਦੀ ਹੈ
ਪਾਕਿਸਤਾਨ ਨੇ ਕਈ ਮੌਕਿਆਂ 'ਤੇ ਘੱਟ ਗਿਣਤੀ ਭਾਈਚਾਰਿਆਂ ਦੀ ਰੱਖਿਆ ਦਾ ਭਰੋਸਾ ਦਿੱਤਾ ਹੈ ਪਰ ਇਨ੍ਹਾਂ ਦੇ ਨਾਲ ਭੇਦਭਾਵ ਹੁੰਦਾ ਰਿਹਾ ਹੈ। ਹਿੰਸਾ, ਹੱਤਿਆ, ਅਗਵਾਹ, ਬਲਾਤਕਾਰ ਅਤੇ ਜ਼ਬਰਨ ਧਰਮ ਪਰਿਵਰਤਨ ਜਿਹੀਆਂ ਘਟਨਾਵਾਂ ਹੁੰਦੀਆਂ ਹਨ। ਹਿੰਦੂ, ਈਸਾਈ, ਸਿੱਖ, ਅਹਿਮਦੀਆ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐਚ. ਆਰ. ਸੀ. ਪੀ.) ਨੇ ਹਾਲ ਹੀ ਵਿਚ ਕਿਹਾ ਸੀ ਕਿ ਘੱਟ ਗਿਣਤੀ ਭਾਈਚਾਰਿਆਂ 'ਤੇ ਭਿਆਨਕ ਹਿੰਸਾ ਹੋਈ ਹੈ। ਹਿੰਦੂ ਅਤੇ ਈਸਾਈਆਂ ਨੂੰ ਜ਼ਬਰਨ ਇਸਲਾਮ ਦੀ ਪੜਾਈ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਈਸਾਈਆਂ ਨੂੰ ਲਾਸ਼ ਦਫਨਾਉਣ ਲਈ ਥਾਂ ਬਹੁਤ ਘੱਟ ਦਿੱਤੀ ਗਈ ਹੈ। ਹਿੰਦੂਆਂ ਦੇ ਲਈ ਸ਼ਮਸ਼ਾਨ ਘਾਟ ਤੱਕ ਨਹੀਂ ਹੈ।

2 ਵੀਡੀਓ ਵੀ ਵਾਇਰਲ
ਸਿੰਧ ਦੀਆਂ 2 ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪਹਿਲੀ ਵੀਡੀਓ ਵਿਚ ਭੀਲ ਹਿੰਦੂ ਜ਼ਬਰਨ ਧਰਮ ਪਰਿਵਰਤਨ ਖਿਲਾਫ ਪ੍ਰਦਰਸ਼ਨ ਕਰਦੇ ਦਿੱਖ ਰਹੇ ਹਨ। ਮਟੀਯਾਰ ਦੇ ਨਸੂਰਪੁਰ ਵਿਚ ਔਰਤਾਂ ਅਤੇ ਬੱਚੇ ਹੱਥ ਨਾਲ ਲਿੱਖੇ ਬੈਨਰ ਫੜੇ ਹੋਏ ਹਨ। ਇਹ ਲੋਕ ਤਬਲੀਗੀ ਜਮਾਤ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਆਖ ਰਹੇ ਹਨ ਕਿ ਅਸੀਂ ਮਰਨਾ ਪਸੰਦ ਕਰਾਂਗੇ ਪਰ ਕਦੇ ਵੀ ਇਸਲਾਮ ਕਬੂਲ ਨਹੀਂ ਕਰਾਂਗੇ। ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਇਕ ਔਰਤ ਆਖ ਰਹੀ ਹੈ ਕਿ ਉਨ੍ਹਾਂ ਦੀ ਜਾਇਦਾਦ ਹੜਪ ਲਈ ਗਈ ਅਤੇ ਘਰ ਤੋੜ ਦਿੱਤੇ ਗਏ। ਉਨ੍ਹਾਂ ਨੂੰ ਕੁੱਟਿਆ ਗਿਆ। ਮਹਿਲਾ ਦਾ ਦੋਸ਼ ਹੈ ਕਿ ਜਮਾਤ ਦੇ ਲੋਕ ਆਖ ਰਹੇ ਹਨ ਕਿ ਜੇਕਰ ਘਰ ਵਾਪਸ ਚਾਹੀਦਾ ਹੈ ਤਾਂ ਇਸਲਾਮ ਕਬੂਲ ਕਰੋ। ਦੂਜੀ ਵੀਡੀਓ ਵਿਚ ਇਕ ਮਹਿਲਾ ਜ਼ਮੀਨ 'ਤੇ ਲੇਟੀ ਹੋਈ ਰੋ ਰਹੀ ਹੈ। ਉਹ ਕਹਿੰਦੀ ਹੈ ਕਿ ਜਮਾਤ ਦੇ ਲੋਕਾਂ ਨੇ ਮੇਰੇ ਪੁੱਤਰ ਨੂੰ ਅਗਵਾਹ ਕਰ ਲਿਆ ਹੈ।

ਸਿੰਧ ਵਿਚ ਹਰ ਸਾਲ 1,000 ਹਿੰਦੂ ਕੁੜੀਆਂ ਹੁੰਦੀਆਂ ਅਗਵਾਹ
ਪਾਕਿਸਤਾਨ ਵਿਚ ਅਕਸਰ ਜ਼ਬਰਨ ਧਰਮ ਪਰਿਵਰਤਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਹਾਲ ਹੀ ਦੇ ਵਕਤ ਵਿਚ ਇਹ ਜ਼ਿਆਦਾ ਵਧ ਗਏ ਹਨ। ਅਮਰੀਕਾ ਵਿਚ ਸਿੰਧੀ ਫਾਊਡੇਸ਼ਨ ਦੇ ਮੁਤਾਬਕ ਸਿੰਧ ਸੂਬੇ ਵਿਚ ਹਰ ਸਾਲ ਕਰੀਬ 1,000 ਹਿੰਦੂ ਕੁੜੀਆਂ (12 ਤੋਂ 28 ਸਾਲ ਦੀਆਂ) ਨੂੰ ਅਗਵਾਹ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜ਼ਬਰਨ ਪਰਿਵਰਤਨ ਕਰਵਾਇਆ ਜਾਂਦਾ ਹੈ। ਇਸ ਤੋਂ ਬਾਅਦ ਮੁਸਲਿਮਾਂ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਹੈ।


Khushdeep Jassi

Content Editor

Related News