ਕੈਨੇਡਾ : ਵਾਰ-ਵਾਰ ਮੁਆਫ ਕਰਦੀ ਰਹੀ ਮਾਂ ਪਰ ਪੁੱਤ ਨੇ ਬੇਰਹਿਮੀ ਨਾਲ ਕਰ ਦਿੱਤਾ ਕਤਲ

03/28/2018 3:17:05 PM

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ 'ਚ ਰਹਿਣ ਵਾਲੇ ਇਕ ਪੁੱਤ ਨੇ ਆਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਹੁਣ ਇਸ ਦੋਸ਼ 'ਚ ਉਸ 'ਤੇ ਮੁਕੱਦਮਾ ਚੱਲ ਰਿਹਾ ਹੈ। ਮੰਗਲਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਨੇ ਡਾਰਵਿਨ ਲੈਸਕੈਨ ਨੂੰ ਉਸ ਦੀ ਮਾਂ ਰੈਡੇਲਮਾ ਬੈਲਿਸਾਰੀਓਨ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਹੈ। ਉਸ ਨੂੰ ਦੂਜੀ ਡਿਗਰੀ ਦਾ ਕਾਤਲ ਠਹਿਰਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉਸ ਨੂੰ 10 ਤੋਂ 25 ਸਾਲ ਤਕ ਦੀ ਸਜ਼ਾ ਮਿਲ ਸਕਦੀ ਹੈ ਅਤੇ ਜ਼ਮਾਨਤ ਵੀ ਨਹੀਂ ਮਿਲੇਗੀ। ਰੈਡੇਲਮਾ ਬੈਲਿਸਾਰੀਓਨ ਦੇ ਦੋ ਹੋਰ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਡਾਰਵਿਨ ਲੈਸਕੈਨ ਮਾਂ ਕੋਲੋਂ ਸਾਰੀ ਜਾਇਦਾਦ ਹਥਿਆਉਣਾ ਚਾਹੁੰਦਾ ਸੀ ਪਰ ਮਾਂ ਅਜਿਹਾ ਨਹੀਂ ਕਰ ਸਕਦੀ ਸੀ। ਡਾਰਵਿਨ ਲੈਸਕੈਨ ਇਸੇ ਕਾਰਨ ਆਪਣੀ 62 ਸਾਲਾ ਮਾਂ ਨੂੰ ਵਾਰ-ਵਾਰ ਤੰਗ ਕਰਦਾ ਸੀ। 
ਸਾਲ 2008 'ਚ ਉਸ ਨੇ ਆਪਣੀ ਮਾਂ ਦਾ ਘਰ ਸਾੜ ਦਿੱਤਾ ਸੀ। ਉਸ ਨੇ ਇਸ ਬਾਰੇ ਆਪਣੀ ਮਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਉਸ ਦਾ ਘਰ ਸਾੜਨ ਲਈ ਖਾਸ ਤੌਰ 'ਤੇ ਤੇਲ ਲੈ ਕੇ ਆਇਆ ਸੀ। ਬਰਬਾਦ ਹੋ ਚੁੱਕੀ ਮਾਂ ਨੇ ਆਪਣੇ ਪੁੱਤ ਨੂੰ ਇੰਨੀ ਵੱਡੀ ਗਲਤੀ ਦੇ ਬਾਵਜੂਦ ਮੁਆਫ ਕਰ ਦਿੱਤਾ ਪਰ ਡਾਰਵਿਨ ਹਰ ਰੋਜ਼ ਮਾਂ ਨਾਲ ਲੜਦਾ ਸੀ । ਉਸ ਨੂੰ ਅਜਿਹੀਆਂ ਗੱਲਾਂ ਕਹਿ ਦਿੰਦਾ ਸੀ ਕਿ ਉਸ ਦਾ ਜਿਊਣਾ ਔਖਾ ਹੋ ਗਿਆ ਸੀ। ਇਸ ਮਗਰੋਂ ਵੀ ਜਦ ਰੈਡੇਲਮਾ ਨੇ ਉਸ ਨੂੰ ਜਾਇਦਾਦ ਨਾ ਦਿੱਤੀ ਤਾਂ ਉਹ ਆਪਣੀ ਮਾਂ ਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਇਸ ਦੀ ਰਿਪੋਰਟ ਰੈਡੇਲਮਾ ਨੇ ਕੀਤੀ ਵੀ ਸੀ। ਮਈ, 2015 'ਚ ਆਪਣੀਆਂ ਸਹੇਲੀਆਂ ਨਾਲ ਘੁੰਮਣ ਗਈ ਰੈਡੇਲਮਾ ਜਦ ਘਰ ਵਾਪਸ ਨਾ ਮੁੜੀ ਤਾਂ ਉਸ ਦੀ ਧੀ ਅਤੇ ਇਕ ਹੋਰ ਪੁੱਤ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾਈ। ਬਾਅਦ 'ਚ ਉਨ੍ਹਾਂ ਨੂੰ ਮਾਂ ਦੀ ਲਾਸ਼ ਘਰ 'ਚੋਂ ਹੀ ਮਿਲੀ। ਲਾਸ਼ ਦੇ ਨੇੜੇ ਹੀ ਇਕ ਕੁਹਾੜੀ ਪਈ ਸੀ, ਜਿਸ ਨਾਲ ਰੈਡੇਲਮਾ ਦੇ ਗਲੇ ਅਤੇ ਸਿਰ 'ਤੇ 15 ਤੋਂ 20 ਵਾਰੀ ਵਾਰ ਕੀਤੇ ਗਏ ਸਨ। ਜਾਂਚ 'ਚ ਪਤਾ ਲੱਗਾ ਕਿ ਰੈਡੇਲਮਾ ਨੂੰ ਕਿਸੇ ਹੋਰ ਨੇ ਨਹੀਂ ਉਸ ਦੇ ਹੀ ਲਾਲਚੀ ਪੁੱਤ ਡਾਰਵਿਨ ਲੈਸਕੈਨ ਨੇ ਕਤਲ ਕਰ ਦਿੱਤਾ ਸੀ।


Related News