ਕੋਰੋਨਾਵਾਇਰਸ ਦੀ ਮਿੰਟ ''ਚ ਜਾਂਚ ਕਰ ਸਕੇਗੀ ਸਮਾਰਟਫੋਨ ਨਾਲ ਜੁੜੀ ਪੋਰਟੇਬਲ ਲੈਬ
Saturday, Feb 08, 2020 - 08:23 PM (IST)

ਨਿਊਯਾਰਕ- ਇਕ ਭਾਰਤੀ ਸਣੇ ਖੋਜਕਾਰਾਂ ਦੇ ਦਲ ਨੇ ਸਮਾਰਟਫੋਨ ਨਾਲ ਜੁੜੀ ਇਕ ਅਜਿਹੀ ਪੋਰਟੇਬਲ ਲੈਬ ਵਿਕਸਿਤ ਕੀਤੀ ਹੈ, ਜੋ ਇਕ ਮਿੰਟ ਵਿਚ ਕੋਰੋਨਾਵਾਇਰਸ ਜਿਹੇ ਰੋਗਾਂ ਦੀ ਪਛਾਣ ਕਰ ਸਕਦੀ ਹੈ। ਇਹ ਲੈਬ ਇਕ ਐਪ ਦੇ ਰਾਹੀਂ ਜਾਂਚ ਰਿਪੋਰਟ ਡਾਕਟਰ ਦੇ ਕੋਲ ਭੇਜ ਸਕਦੀ ਹੈ।
ਅਮਰੀਕਾ ਦੀ ਓਹੀਓ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਕ੍ਰੈਡਿਟ ਕਾਰਡ ਦੇ ਆਕਾਰ ਵਾਲੀ ਇਹ ਲੈਬ ਸਿਰਫ ਕੁਝ ਸਕਿੰਟਾਂ ਵਿਚ ਰਿਪੋਰਟ ਦੇ ਸਕਦੀ ਹੈ। ਇਸ ਨਾਲ ਕੋਰੋਨਾਵਾਇਰਸ, ਮਲੇਰੀਆ ਤੇ ਐਚ.ਆਈ.ਵੀ. ਜਿਹੀਆਂ ਬੀਮਾਰੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ। ਇਸ ਲੈਬ ਦੀ ਮਦਦ ਨਾਲ ਡਿਪ੍ਰੈਸ਼ਨ ਜਿਹੀਆਂ ਸਮੱਸਿਆਵਾਂ ਦਾ ਵੀ ਪਤਾ ਲਾਇਆ ਜਾ ਸਕਦਾ ਹੈ। ਭਾਰਤੀ ਮੂਲ ਦੇ ਖੋਜਕਾਰ ਸਥਿਤੋਧੀ ਘੋਸ਼ ਨੇ ਦੱਸਿਆ ਕਿ ਪੂਰੀ ਜਾਂਚ ਇਕ ਚਿੱਪ 'ਤੇ ਆਪਣੇ ਆਪ ਹੁੰਦੀ ਹੈ। ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਆਉਣ ਵਾਲੇ ਸਮੇਂ ਵਿਚ ਇਸ ਦੀ ਨਿੱਜੀ ਦੇਖਭਾਲ ਵਿਚ ਅਹਿਮ ਭੂਮਿਕਾ ਹੋ ਸਕਦੀ ਹੈ।
ਘੋਸ਼ ਮੁਤਾਬਕ ਰੋਗੀ ਨੂੰ ਸਿਰਫ ਇਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ ਲੈਬ ਚਿੱਪ ਨੂੰ ਆਪਣੇ ਮੂੰਹ ਵਿਚ ਰੱਖਣਾ ਪਵੇਗਾ। ਇਸ ਤੋਂ ਬਾਅਦ ਲਾਰ ਦੀ ਜਾਂਚ ਦੇ ਲਈ ਚਿੱਪ ਨੂੰ ਲੈਬ ਦੇ ਬਾਕਸ ਵਿਚ ਰੱਖਿਆ ਜਾਂਦਾ ਹੈ। ਇਹ ਡਿਵਾਈਸ ਖੁਦ ਹੀ ਇਕ ਐਪ ਦੇ ਰਾਹੀਂ ਰਿਪੋਰਟ ਰੋਗੀ ਦੇ ਡਾਕਟਰ ਦੇ ਕੋਲ ਭੇਜ ਦੇਵੇਗੀ। ਯਾਦ ਰਹੇ ਕਿ ਚੀਨ ਵਿਚ ਕੋਰੋਨਾਵਾਇਰਸ ਹੁਣ ਇਕ ਮਹਾਮਾਰੀ ਬਣ ਚੁੱਕਿਆ ਹੈ। ਹੁਣ ਤੱਕ ਇਸ ਵਾਇਰਸ ਕਾਰਨ 723 ਲੋਕਾਂ ਦੀ ਮੌਤ ਹੋ ਚੁੱਕੀ ਹੈ।