ਕੈਨੇਡਾ 'ਚ ਪਨਾਹ ਲੈਣ ਲਈ ਝੂਠੇ ਦਾਅਵਿਆਂ ਦੀ ਖੁੱਲ੍ਹੀ ਪੋਲ, ਰਿਪੋਰਟ ਨੇ ਉਡਾ ਛੱਡੇ ਹੋਸ਼
Saturday, Aug 05, 2023 - 10:31 AM (IST)
ਜਲੰਧਰ (ਇੰਟ.)– ਭਾਵੇਂ ਕੈਨੇਡਾ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਖੁਦ ਨੂੰ ਖਾਲਿਸਤਾਨ ਹਮਾਇਤੀ ਦੱਸ ਕੇ ਸ਼ਰਨਾਰਥੀ ਬਣਨ ਦੇ ਦਾਅਵਿਆਂ ਵਿਚ ਕਮੀ ਨਹੀਂ ਆਈ ਰਹੀ ਪਰ ਇਸ ਸਾਲ ਕੈਨੇਡਾਈ ਸਰਕਾਰ ਨੇ ਛਾਣਬੀਨ ਤੋਂ ਬਾਅਦ ਸੈਂਕੜੇ ਅਜਿਹੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਕੈਨੇਡਾ ਦੇ ਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ (ਆਈ. ਆਰ. ਬੀ.) ਨੇ 2023 ਦੀ ਪਹਿਲੀ ਤਿਮਾਹੀ ਵਿਚ 833 ਦਾਅਵਿਆਂ ਨੂੰ ਸਵੀਕਾਰ ਕੀਤਾ, ਜਦਕਿ 722 ਨੂੰ ਖਾਰਿਜ ਕਰ ਦਿੱਤਾ ਹੈ। ਆਈ. ਆਰ. ਬੀ. ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ 2022 ਵਿਚ 3,469 ਲੋਕਾਂ ਦੇ ਦਾਅਵਿਆਂ ਨੂੰ ਸਵੀਕਾਰ ਕੀਤਾ ਗਿਆ ਸੀ, ਜਦਕਿ 3,797 ਲੋਕਾਂ ਦੇ ਦਾਅਵੇ ਖਾਰਿਜ ਕਰ ਦਿੱਤੇ ਗਏ ਸਨ। ਇਸੇ ਤਰ੍ਹਾਂ 2021 ਵਿਚ ਸਵੀਕਾਰ ਕੀਤੇ ਗਏ ਸ਼ਰਨਾਰਥੀ ਦਾਅਵਿਆਂ ਦੀ ਗਿਣਤੀ 1,652 ਨਾਮਨਜ਼ੂਰੀਆਂ ਦੇ ਮੁਕਾਬਲੇ ਕੁਲ 1,043 ਸੀ। ਪੰਜਾਬ ਤੋਂ ਕੈਨੇਡਾ ਜਾ ਕੇ ਕੁਝ ਸਿੱਖ ਜਬਰੀ ਆਪਣੇ ’ਤੇ ਖਾਲਿਸਤਾਨੀ ਹੋਣ ਦਾ ਟੈਗ ਲਾ ਕੇ ਆਪਣੇ ਹੀ ਵਤਨ ਖਿਲਾਫ ਜ਼ਹਿਰ ਉਗਲਦੇ ਹਨ ਤਾਂ ਜੋ ਉਨ੍ਹਾਂ ਨੂੰ ਉਥੇ ਸ਼ਰਣਾਰਥੀ ਵਜੋਂ ਅਪਣਾ ਲਿਆ ਜਾਵੇ।
ਇਹ ਵੀ ਪੜ੍ਹੋ: ਚੰਦਰਯਾਨ-3 ਪੁਲਾੜ ਯਾਨ ਨੇ ਦੋ-ਤਿਹਾਈ ਦੂਰੀ ਕੀਤੀ ਤੈਅ, ਅੱਜ ਚੰਦਰਮਾ ਦੇ ਪੰਧ 'ਚ ਹੋਵੇਗਾ ਦਾਖ਼ਲ
ਪਨਾਹ ਹਾਸਲ ਕਰਨ ਲਈ ਦੇਣਾ ਪੈਂਦਾ ਹੈ ਹਲਫਨਾਮਾ
ਪੰਜਾਬ ਦੇ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਦੇ ਸਿਰ ’ਤੇ ਕੈਨੇਡਾ ਵਿਚ ਵੱਸਣ ਦਾ ਅਜਿਹਾ ਜਨੂੰਨ ਹੈ ਕਿ ਉਹ ਖੁਦ ਨੂੰ ਖਾਲਿਸਤਾਨੀ ਹਮਾਇਤੀ ਬਣਨ ਦੇ ਝੂਠੇ ਦਾਅਵੇ ਕਰਨ ਤੋਂ ਗੁਰੇਜ ਨਹੀਂ ਕਰਦੇ ਹਨ। ਅਜਿਹੇ ਲੋਕਾਂ ਖਿਲਾਫ ਕੈਨੇਡਾ ਸਰਕਾਰ ਨੇ ਸ਼ਿਨਾਖਤ ਕਰਨ ਦੇ ਨਿਯਮ ਸਖਤ ਕਰ ਦਿੱਤੇ ਹਨ ਅਤੇ ਕਾਫੀ ਲੋਕਾਂ ਦੇ ਦਾਅਵੇ ਖਾਰਿਜ ਵੀ ਕੀਤੇ ਜਾ ਰਹੇ ਹਨ। ਇਹ ਲੋਕ ਕੈਨੇਡਾ ਦੀ ਪਨਾਹ ਹਾਸਲ ਕਰਨ ਲਈ ਹਲਫਨਾਮਾ ਦਾਇਰ ਕਰ ਕੇ ਭਾਰਤ ’ਤੇ ਸਿਆਸੀ ਹਿੰਸਾ ਦਾ ਦੋਸ਼ ਲਾਉਂਦੇ ਹਨ। ਜਦਕਿ ਭਾਰਤ ਦੀ ਜ਼ਮੀਨ ’ਤੇ ਖਾਲਿਸਤਾਨੀ ਅੰਦੋਲਨ ਵੀ ਕਿਤੇ ਦਿਖਾਈ ਨਹੀਂ ਦਿੰਦਾ ਹੈ। ਬ੍ਰਿਟੇਨ ਵਿਚ ਵੀ ਇਕ ਮੀਡੀਆ ਹਾਊਸ ਵਲੋਂ ਕੀਤੇ ਗਏ ਇਕ ਸਟਿੰਗ ਆਪ੍ਰੇਸ਼ਨ ਵਿਚ ਤਾਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਵਕੀਲ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਖਾਲਿਸਤਾਨ ਹਮਾਇਤੀ ਹੋਣ ਦਾ ਦਾਅਵਾ ਕਰਨ ਦੀ ਸਲਾਹ ਦੇ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਉਥੇ ਸ਼ਰਨਾਰਥੀ ਦਾ ਦਰਜਾ ਦਿਵਾਇਆ ਜਾ ਸਕੇ।
ਭਾਰਤ ’ਤੇ ਲਾਇਆ ਸੀ ਦੋਸ਼, ਪਨਾਹ ਮੰਗਣ ਵਾਲੇ ਜੋੜੇ ਦਾ ਦਾਅਵਾ ਖਾਰਿਜ
ਇਕ ਮੀਡੀਆ ਰਿਪੋਰਟ ਵਿਚ ਆਊਟਲੈੱਟ ਸੀ. ਟੀ. ਵੀ. ਨਿਊਜ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੰਜਾਬ ਦੇ ਇਕ ਜੋੜੇ ਨੇ ਦਾਅਵਾ ਕੀਤਾ ਸੀ ਕਿ ਖਾਲਿਸਤਾਨ ਅੰਦੋਲਨ ਨਾਲ ਉਨ੍ਹਾਂ ਦੇ ਕਥਿਤ ਸੰਬੰਧਾਂ ਕਾਰਨ ਜੇਕਰ ਉਨ੍ਹਾਂ ਨੂੰ ਭਾਰਤ ਭੇਜਿਆ ਗਿਆ ਤਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਪਰ ਕੈਨੇਡਾਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਰਣਾਰਥੀ ਦਾ ਦਰਜਾ ਦੇਣ ਤੋਂ ਇਨਕਾਰ ਕਰ ਦਿੱਤਾ। ਰਿਪੋਰਟ ਮੁਤਾਬਕ ਮਾਂਟਰੀਅਲ ਵਿਚ ਰਹਿਣ ਵਾਲੇ ਰਾਜਵਿੰਦਰ ਕੌਰ ਅਤੇ ਰਣਧੀਰ ਸਿੰਘ ਨੇ ਸ਼ਰਣਾਰਥੀ ਹੋਣ ਦੀ ਸਥਿਤੀ ਦਾ ਦਾਅਵਾ ਕੀਤਾ ਸੀ ਪਰ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ (ਆਈ. ਆਰ. ਬੀ.) ਨੇ ਇਸ ਨੂੰ ਖਾਰਿਜ ਕਰ ਦਿੱਤਾ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਸਿਆਸੀ ਹਿੰਸਾ ਦੇ ਸ਼ਿਕਾਰ ਸਨ। ਕੌਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਪਤੀ ਨੂੰ ਅੰਦਰੂਨੀ ਸੁਰੱਖਿਆ ਪੁਲਸ ਨੇ ਇਸ ਸ਼ੱਕ ਹੇਠ ਗ੍ਰਿਫਤਾਰ ਕੀਤਾ ਅਤੇ ਤੰਗ-ਪ੍ਰੇਸ਼ਾਨ ਕੀਤਾ ਕਿ ਉਨ੍ਹਾਂ ਆਜ਼ਾਦੀ ਦੀ ਮੰਗ ਕਰ ਰਹੇ ਕੱਟੜਪੰਥੀ ਸਿੱਖਾਂ ਨੂੰ ਪਨਾਹ ਦਿੱਤੀ ਸੀ।
ਵਿਦੇਸ਼ਾਂ ’ਚ ਕੌਣ ਹੈ ਖਾਲਿਸਤਾਨੀ ਹਮਾਇਤੀ ਅਤੇ ਕਿਵੇਂ ਚਲਾਉਂਦੇ ਹਨ ਆਪਣਾ ਏਜੰਡਾ
ਮਾਮਲੇ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਪ੍ਰਵਾਸੀ ਖਾਲਿਸਤਾਨੀ ਕੱਟੜਪੰਥੀਆਂ ਦੀ ਗਿਣਤੀ ਬਹੁਤ ਘੱਟ ਹੈ ਪਰ ਇਨ੍ਹਾਂ ਦੇ ਹਮਲੇ ਕਾਰਨ ਉਨ੍ਹਾਂ ਦੀ ਗਿਣਤੀ ਨੂੰ ਲੈ ਕੇ ਭਰਮ ਵਾਲੀ ਸਥਿਤੀ ਪੈਦਾ ਹੁੰਦੀ ਹੈ। ਇਨ੍ਹਾਂ ਲੋਕਾਂ ਦੀ ਵਿਦੇਸ਼ਾਂ ਵਿਚ ਸਮਾਜਿਕ, ਸੱਭਿਆਚਾਰਕ, ਧਾਰਮਿਕ ਅਤੇ ਸਿਆਸੀ ਸਾਰੇ ਖੇਤਰਾਂ ਵਿਚ ਹਾਜ਼ਰੀ ਹੈ। ਯੂ. ਕੇ. ਅਤੇ ਕੈਨੇਡਾ ਵਿਚ ਵਧੇਰੇ ਖਾਲਿਸਤਾਨੀ ਹਮਾਇਤੀ ਹੇਠਲੇ ਸਮਾਜਿਕ-ਆਰਥਿਕ ਪਿਛੋਕੜ ਤੋਂ ਹਨ। ਇਨ੍ਹਾਂ ਵਿਚ ਸਾਖਰਤਾ ਦਾ ਪੱਧਰ ਬੇਹੱਦ ਘੱਟ ਹੈ ਅਤੇ ਉਹ ਛੋਟੀਆਂ-ਮੋਟੀਆਂ ਨੌਕਰੀਆਂ ਕਰਦੇ ਹਨ, ਉਨ੍ਹਾਂ ਵਿਚੋਂ ਕਈ ਪੱਛਮੀ ਦੇਸ਼ਾਂ ਵਿਚ ਸ਼ਰਣਾਰਥੀ ਹਨ ਅਤੇ ਵਧੇਰੇ ਨਾਜਾਇਜ਼ ਪ੍ਰਵਾਸੀ ਹਨ। ਨਾਗਰਿਕਤਾ ਹਾਸਲ ਕਰਨ ਦੇ ਮਕਸਦ ਨਾਲ ਉਹ ਅਕਸਰ ਇਹ ਦੋਸ਼ ਲਾ ਦਿੰਦੇ ਹਨ ਕਿ ਭਾਰਤ ਵਿਚ ਆਜ਼ਾਦੀ ਅਤੇ ਜਾਨ ਨੂੰ ਖਤਰਾ ਹੈ ਅਤੇ ਕਈ ਏਜੰਸੀਆਂ ਉਨ੍ਹਾਂ ਦੇ ਪਿੱਛੇ ਪਈਆਂ ਹਨ। ਖਾਲਿਸਤਾਨੀ ਹੋਣ ਦੇ ਝੂਠੇ ਦਾਅਵਿਆਂ ਦੇ ਆਧਾਰ ’ਤੇ ਯੂ. ਕੇ. ਅਤੇ ਕੈਨੇਡਾ ਵਿਚ ਪੁੱਜੇ ਲੋਕ ਜਦੋਂ ਇਨ੍ਹਾਂ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਭਾਰਤ ਵਿਰੋਧੀ ਸਰਗਰਮੀਆਂ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।
ਵਿਦੇਸ਼ੀ ਗੁਰਦੁਆਰਿਆਂ ’ਤੇ ਖਾਲਿਸਤਾਨ ਹਮਾਇਤੀਆਂ ਦਾ ਮਜ਼ਬੂਤ ਕੰਟਰੋਲ
ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਪੋਰਟਲ ’ਤੇ ਪੱਛਮ ਵਿਚ ਖਾਲਿਸਤਾਨ ਦੀਆਂ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਅਭਿਨਵ ਪਾਂਡਿਆ ਆਪਣੇ ਲੇਖ ਵਿਚ ਕਹਿੰਦੇ ਹਨ ਕਿ ਵਿਦੇਸ਼ਾਂ ਵਿਚ ਖਾਲਿਸਤਾਨ ਹਮਾਇਤੀਆਂ ਦਾ ਮਜ਼ਬੂਤ ਕੰਟਰੋਲ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਭਾਈਚਾਰੇ ਨਾਲ ਜੁੜੇ ਸਾਰੇ ਮੁੱਦਿਆਂ ’ਤੇ ਆਪਣੀ ਗੱਲ ਰੱਖਣ, ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ। ਗੁਰਦੁਆਰਾ ਕਿਸੇ ਵੀ ਧਾਰਮਿਕ ਸਿੱਖ ਲਈ ਸਭ ਤੋਂ ਮਹੱਤਵਪੂਰਨ ਜਗ੍ਹਾ ਹੈ। ਵਿਆਹ, ਧਾਰਮਿਕ, ਸਮਾਜਿਕ ਸਮਾਰੋਹ ਜਾਂ ਫਿਰ ਅਧਿਆਤਮਿਕ ਟੀਚਿਆਂ ਲਈ ਗੁਰਦੁਆਰਾ ਸਿੱਖਾਂ ਲਈ ਬੇਹੱਦ ਮਹੱਤਵਪੂਰਨ ਹੈ। ਗੁਰਦੁਆਰਿਆਂ ’ਤੇ ਖਾਲਿਸਤਾਨੀ ਕੰਟਰੋਲ ਕਾਰਨ ਕਈ ਸਿੱਖਾਂ ਦੇ ਆਸ਼ਰਿਤ ਅਤੇ ਅਸੁਰੱਖਿਅਤ ਬਣੇ ਰਹਿਣ ਦੀ ਸੰਭਾਵਨਾ ਵੱਧ ਜਾਂਦੀ ਹੈ। ਗੁਰਦੁਆਰੇ ਰਾਹੀਂ ਉਨ੍ਹਾਂ ਨੂੰ ਆਪਣੇ ਉਦੇਸ਼ ਲਈ ਭਾਰੀ ਫੰਡ ਮਿਲਦਾ ਹੈ। ਇਸ ਤੋਂ ਇਲਾਵਾ ਖਾਲਿਸਤਾਨੀ ਮੈਨੇਜਮੈਂਟ ਭਾਈਚਾਰਕ ਭਲਾਈ ਲਈ ਵੀ ਫੰਡ ਇਕੱਠਾ ਕਰਦਾ ਹੈ, ਜਿਸ ਨੂੰ ਕੱਟੜਪੰਥੀ ਅਤੇ ਵਿਨਾਸ਼ਕਾਰੀ ਸਰਗਰਮੀਆਂ ਵਿਚ ਲਗਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਸ਼ਿਵ ਭਗਤਾਂ ਲਈ ਵੱਡੀ ਖ਼ਬਰ, ਅੱਜ ਮੁਅੱਤਲ ਰਹੇਗੀ ਅਮਰਨਾਥ ਯਾਤਰਾ, ਇਹ ਹੈ ਕਾਰਨ
ਖਾਲਿਸਤਾਨ ਵਿਰੁੱਧ ਬੋਲਣ ਵਾਲਿਆਂ ਦਾ ਕਰਦੇ ਹਨ ਬੁਰਾ ਹਸ਼ਰ
ਸਿੱਖ ਕੱਟੜਪੰਥੀ ਲੋਕਾਂ ਨੂੰ ਡਰਾ-ਧਮਕਾ ਕੇ ਖਾਲਿਸਤਾਨੀ ਵਿਚਾਰਧਾਰਾ ਅਤੇ ਉਸ ਦੇ ਨੇਤਾਵਾਂ ਬਾਰੇ ਆਮ ਧਾਰਨਾਵਾਂ ਨੂੰ ਕੰਟਰੋਲ ਕਰਦੇ ਹਨ। ਜੋ ਲੋਕ ਖਾਲਿਸਤਾਨੀਆਂ ਨਾਲ ਅਸਹਿਮਤ ਹਨ ਜਾਂ ਉਨ੍ਹਾਂ ਖਿਲਾਫ ਬੋਲਦੇ ਹਨ, ਉਨ੍ਹਾਂ ਨੂੰ ਡਰਾਇਆ ਜਾਂਦਾ ਹੈ ਜਾਂ ਮਾਰ ਦਿੱਤਾ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਜੁਲਾਈ, 2022 ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦਾ ਮਾਮਲਾ ਵੀ ਕੁਝ ਅਜਿਹਾ ਹੀ ਸੀ। ਰਿਪੁਦਮਨ ਸਿੰਘ ਮਲਿਕ 1985 ਦੇ ਏਅਰ ਇੰਡੀਆ ਬੰਬ ਧਮਾਕਾ ਮਾਮਲੇ ਵਿਚ ਨਾਮਜ਼ਦ ਇਕ ਅੱਤਵਾਦੀ ਸੀ, ਜਿਸ ਨੂੰ ਬਾਅਦ ਵਿਚ ਬਰੀ ਕਰ ਦਿੱਤਾ ਗਿਆ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਖਾਲਿਸਤਾਨੀਆਂ ਨੇ ਉਸ ਦੀ ਹੱਤਿਆ ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ ਕਿਉਂਕਿ ਉਹ ਬਾਅਦ ਵਿਚ ਉਨ੍ਹਾਂ ਖਿਲਾਫ ਹੋ ਗਿਆ ਸੀ। ਉਸ ਨੇ 2019 ਵਿਚ ਭਾਰਤ ਦਾ ਦੌਰਾ ਕੀਤਾ ਸੀ, ਸਿੱਖ ਭਾਈਚਾਰੇ ਲਈ ਭਲਾਈ ਯੋਜਨਾਵਾਂ ਚਲਾਉਣ ਲਈ ਭਾਰਤੀ ਪ੍ਰਧਾਨ ਮੰਤਰੀ ਨੂੰ ਧੰਨਵਾਦ ਦਿੰਦੇ ਹੋਏ ਇਕ ਪੱਤਰ ਲਿਖਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।