ਲੰਡਨ ਮੇਅਰ ਦੀਆਂ ਚੋਣਾਂ ’ਚ ਰਿਕਾਰਡ ਪੱਧਰ ’ਤੇ ਵੋਟਾਂ ਹੋਈਆਂ ਰੱਦ
Monday, May 10, 2021 - 12:22 PM (IST)
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਲੰਡਨ ’ਚ ਇਸ ਵਾਰ ਦੀਆਂ ਮੇਅਰ ਦੀਆਂ ਚੋਣਾਂ ’ਚ ਰਿਕਾਰਡ ਪੱਧਰ ’ਤੇ ਵੋਟਾਂ ਰੱਦ ਕੀਤੀਆਂ ਗਈਆਂ ਹਨ। ਲੰਡਨ ’ਚ ਵੀਰਵਾਰ ਨੂੰ ਮੇਅਰ ਚੋਣਾਂ ’ਚ ਲੱਗਭਗ 114,000 ਪਹਿਲੀ ਪਸੰਦ ਦੀਆਂ ਵੋਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਲੰਡਨ ਦਾ ਮੇਅਰ ਇੱਕ ਸਪਲੀਮੈਂਟਰੀ ਵੋਟ ਪ੍ਰਣਾਲੀ ਦੀ ਵਰਤੋਂ ਨਾਲ ਚੁਣਿਆ ਜਾਂਦਾ ਹੈ, ਜਿਸ ਦੇ ਤਹਿਤ ਹਰੇਕ ਵੋਟਰ ਆਪਣੀ ਪਹਿਲੀ ਅਤੇ ਦੂਜੀ ਪਸੰਦ ਦੀ ਚੋਣ ਕਰ ਸਕਦਾ ਹੈ। ਅਧਿਕਾਰੀਆਂ ਅਨੁਸਾਰ ਬੈਲਟ ਪੇਪਰਾਂ ਦੀ ਗਲਤ ਵਰਤੋਂ ਕਰਨ ਕਰਕੇ ਹੀ ਉਕਤ ਵੋਟਾਂ ਰੱਦ ਹੋਈਆਂ ਹਨ।
ਗ੍ਰੇਟਰ ਲੰਡਨ ਦੇ ਰਿਟਰਨਿੰਗ ਅਫਸਰ ਮੈਰੀ ਹਰਪਲੇ ਨੇ ਦੱਸਿਆ ਕਿ ਹਰੇਕ ਰਜਿਸਟਰਡ ਵੋਟਰ ਨੂੰ ਵੋਟ ਪਾਉਣ ਦੀ ਜਾਣਕਾਰੀ ਦੇਣ ਵਾਲੀ ਪੁਸਤਕ ਭੇਜੀ ਗਈ ਸੀ। ਮੁਕੰਮਲ ਜਾਣਕਾਰੀ ਭੇਜਣ ਦੇ ਬਾਵਜੂਦ ਇਸ ਸਾਲ ਦੀਆਂ ਲੱਗਭਗ 5% ਵੋਟਾਂ ਨੂੰ ਰੱਦ ਕੀਤਾ ਗਿਆ ਹੈ, ਜਦਕਿ ਇਸ ਤੋਂ ਪਿਛਲਾ ਰਿਕਾਰਡ 2004 ਦੀਆਂ ਮੇਅਰ ਚੋਣਾਂ ਵਿੱਚ ਸੀ, ਜਦੋਂ 56,874 ਪਹਿਲੀ ਪਸੰਦ ਦੀਆਂ ਵੋਟਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਜੋ ਉਸ ਸਾਲ ਕੁਲ ਵੋਟਾਂ ਦਾ ਲੱਗਭਗ 3% ਸੀ। ਵੋਟਾਂ ਸਬੰਧੀ ਅੰਕੜਿਆਂ ਅਨੁਸਾਰ ਇਸ ਸਾਲ 114,000 ਵਿੱਚੋਂ 87,214 ਬੈਲਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਲੋਕਾਂ ਨੇ ਪਹਿਲੀ ਪਸੰਦ ਦੇ ਕਾਲਮ ’ਚ ਇਕ ਤੋਂ ਵੱਧ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਰੱਦ ਹੋਏ ਬੈਲਟ ਪੇਪਰਾਂ ਦੀਆਂ ਸੰਭਾਵਨਾ ਵਾਲੀਆਂ ਥਾਵਾਂ ਈਲਿੰਗ ਅਤੇ ਹਿਲਿੰਗਡਨ, ਬ੍ਰੈਂਟ, ਹੈਰੋ, ਲੰਡਨ ਅਤੇ ਪੂਰਬੀ ਹਿੱਸਾ ਹਨ। ਲੰਡਨ ’ਚ ਇਸ ਵਾਰ ਦੀਆਂ ਮੇਅਰ ਚੋਣਾਂ ’ਚ ਸਾਦਿਕ ਖਾਨ ਨੂੰ 2,28,000 ਵੋਟਾਂ ਦੇ ਬਹੁਮਤ ਨਾਲ ਮੁੜ ਮੇਅਰ ਦੇ ਅਹੁਦੇ ਲਈ ਚੁਣਿਆ ਗਿਆ ਹੈ।