ਆਸਟਰੇਲੀਆ ਨੂੰ ਜਲਦ ਮਿਲੇਗੀ ਅੱਗ ਤੋਂ ਰਾਹਤ, ਮੌਸਮ ਵਿਗਿਆਨੀਆਂ ਨੇ ਕੀਤੀ ਭਵਿੱਖਬਾਣੀ

01/14/2020 4:57:56 PM

ਸਿਡਨੀ- ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਦੀਆਂ ਉਮੀਦਾਂ ਹਕੀਕਤ ਵਿਚ ਬਦਲ ਸਕਦੀਆਂ ਹਨ। ਦੇਸ਼ ਦੇ ਮੌਸਮ ਵਿਭਾਗ ਨੇ ਭਾਰੀ ਵਰਖਾ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਮੰਨਿਆ ਜਾ ਰਿਹਾ ਹੈ ਕਿ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਬੁਝ ਜਾਵੇਗੀ। ਅੱਗ ਨਾਲ ਪੈਦਾ ਹੋਏ ਧੂੰਏ ਕਾਰਨ ਆਸਟਰੇਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਸਿਡਨੀ ਬੇਹਾਲ ਹੈ। ਧੂੰਏ ਕਾਰਨ ਸਿਡਨੀ ਵਿਚ ਪ੍ਰਦੂਸ਼ਣ ਦੀ ਸਥਿਤੀ ਖਤਰਨਾਕ ਹੋ ਗਈ ਹੈ। ਪੱਤਰਕਾਰ ਏਜੰਸੀ ਏ.ਐਫ.ਪੀ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿਡਨੀ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਰਜ ਕੀਤਾ ਗਿਆ ਹੈ।

ਹਾਲਾਂਕਿ ਮੌਸਮ ਦੇ ਬਦਲੇ ਮਿਜਾਜ਼ ਨੇ ਅੱਗ ਨਾਲ ਜੂਝ ਰਹੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਹੈ। ਉਹਨਾਂ ਇਲਾਕਿਆਂ ਵਿਚ ਜਿਥੇ ਅੱਗ ਕੰਟਰੋਲ ਤੋਂ ਬਾਹਰ ਸੀ ਹੁਣ ਕੰਟਰੋਲ ਵਿਚ ਆਉਣ ਲੱਗੀ ਹੈ। ਨਿਊ ਸਾਊਥ ਵੇਲਸ ਰੂਰਲ ਦੇ ਫਾਇਰ ਸਰਵਿਸ ਕਮਿਸ਼ਨਰ ਸ਼ਾਨੇ ਫਿਤਜਸਿਮੋਂਸ ਨੇ ਕਿਹਾ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਸਕੂਨ ਦੇਣ ਵਾਲੀ ਹੈ। ਜਨਵਰੀ ਵਿਚ ਹੋਣ ਵਾਲੀ ਬਾਰਿਸ਼ ਰਾਹਤ ਦੇ ਸਕਦੀ ਹੈ। ਹਾਲਾਂਕਿ ਅਜੇ ਵੀ ਦਰਜਨਾਂ ਥਾਵਾਂ ਅਜਿਹੀਆਂ ਹਨ, ਜਿਥੇ ਅੱਗ 'ਤੇ ਕਾਬੂ ਨਹੀਂ ਕੀਤਾ ਜਾ ਸਕਿਆ ਹੈ।

ਧੂੰਏ ਦੇ ਕਾਰਨ ਮੈਲਬੌਰਨ ਵਿਚ ਵੀ ਪ੍ਰਦੂਸ਼ਣ ਦੀ ਸਥਿਤੀ ਭਿਆਨਕ ਹੋ ਗਈ ਹੈ। ਅਜਿਹੇ ਹਾਲਾਤ ਅਜਿਹੇ ਸਮੇਂ ਪੈਦਾ ਹੋਏ ਹਨ ਜਦੋਂ ਅਗਲੇ ਹਫਤੇ ਤੋਂ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਹੈ। ਅੱਗ ਵਿਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 2000 ਘਰ ਸੜ ਕੇ ਸੁਆਹ ਹੋ ਗਏ ਹਨ। ਅੱਗ 10 ਮਿਲੀਅਨ ਹੈਕਟੇਅਰ ਵਿਚ ਫੈਲੀ ਸੀ ਜੋ ਦੱਖਣੀ ਕੋਰੀਆ ਜਾਂ ਪੁਰਤਗਾਲ ਦੇ ਖੇਤਰਫਲ ਦੇ ਬਰਾਬਰ ਹੈ।


Baljit Singh

Content Editor

Related News