ਗ੍ਰੀਨਲੈਂਡ ’ਤੇ ਟੈਰਿਫ਼ ਦੀ ਧਮਕੀ ਨਾਲ ਟਰੰਪ ਦੀ ਭਰੋਸੇਯੋਗਤਾ ’ਤੇ ਉੱਠੇ ਸਵਾਲ
Wednesday, Jan 21, 2026 - 11:52 AM (IST)
ਦਾਵੋਸ (ਭਾਸ਼ਾ) : ਯੂਰਪੀ ਯੂਨੀਅਨ (ਈ. ਯੂ.) ਦੀ ਉੱਚ ਅਧਿਕਾਰੀ ਨੇ ਮੰਗਲਵਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਯੂਰਪੀ ਯੂਨੀਅਨ ਦੇ ਮੈਂਬਰ ਦੇਸ਼ਾਂ ’ਤੇ ਨਵੇਂ ਟੈਰਿਫ਼ ਨਾ ਲਾਉਣ ’ਤੇ ਸਹਿਮਤੀ ਜਤਾਈ ਸੀ।
ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਕਿਹਾ ਕਿ ਗ੍ਰੀਨਲੈਂਡ ਦੇ ਮੁੱਦੇ ’ਤੇ ਟਰੰਪ ਵਲੋਂ ਪ੍ਰਸਤਾਵਿਤ ਨਵੇਂ ਟੈਰਿਫ਼ ‘ਖਾਸ ਤੌਰ ’ਤੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਦੇਸ਼ਾਂ ਦੇ ਨਾਲ ਇਕ ਗਲਤੀ’ ਹੈ। ਉਹ ਟਰੰਪ ਦੇ ਉਸ ਐਲਾਨ ’ਤੇ ਪ੍ਰਤੀਕਿਰਿਆ ਦੇ ਰਹੀ ਸੀ ਕਿ ਫਰਵਰੀ ਤੋਂ ਉਨ੍ਹਾਂ 8 ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਸਾਮਾਨ ’ਤੇ 10 ਫੀਸਦੀ ਆਯਾਤ ਡਿਊਟੀ ਲਾਈ ਜਾਵੇਗੀ, ਜਿਨ੍ਹਾਂ ਨੇ ਡੈਨਮਾਰਕ ਦੇ ਅਰਧ-ਸੁਤੰਤਰ ਖੇਤਰ ਗ੍ਰੀਨਲੈਂਡ ’ਤੇ ਅਮਰੀਕਾ ਦਾ ਕਬਜ਼ਾ ਕਰਨ ਦੇ ਟਰੰਪ ਦੇ ਸੱਦੇ ਤੋਂ ਬਾਅਦ ਡੈਨਮਾਰਕ ਦਾ ਸਮਰਥਨ ਕੀਤਾ ਹੈ।
ਵਾਨ ਡੇਰ ਲੇਯੇਨ ਨੇ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਵਿਸ਼ਵ ਆਰਥਿਕ ਮੰਚ (ਡਬਲਿਊ. ਈ. ਐੱਫ.) ਦੀ ਬੈਠਕ ਦੌਰਾਨ ਕਿਹਾ ਕਿ ਯੂਰਪੀ ਸੰਘ ਅਤੇ ਅਮਰੀਕਾ ਜੁਲਾਈ ਵਿਚ ਇਕ ਵਪਾਰਕ ਸਮਝੌਤੇ ’ਤੇ ਸਹਿਮਤ ਹੋਏ ਸਨ। ਰਾਜਨੀਤੀ ਵਿਚ ਵੀ ਵਪਾਰ ਵਾਂਗ ਸਮਝੌਤੇ ਦਾ ਮਤਲਬ ਸਮਝੌਤਾ ਹੁੰਦਾ ਹੈ ਅਤੇ ਜਦੋਂ ਮਿੱਤਰ ਹੱਥ ਮਿਲਾਉਂਦੇ ਹਨ ਤਾਂ ਉਸ ਦਾ ਕੋਈ ਅਰਥ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਦੇ ਲੋਕਾਂ ਨੂੰ ਨਾ ਸਿਰਫ਼ ਆਪਣਾ ਸਹਿਯੋਗੀ ਸਗੋਂ ਆਪਣਾ ਦੋਸਤ ਵੀ ਮੰਨਦੇ ਹਾਂ ਅਤੇ ਸਾਨੂੰ ਖਾਈ ਵਿਚ ਧੱਕਣ ਨਾਲ ਸਿਰਫ਼ ਉਨ੍ਹਾਂ ਦੁਸ਼ਮਣਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਅਸੀਂ ਦੋਵੇਂ ਰਣਨੀਤਕ ਦ੍ਰਿਸ਼ਟੀਕੋਣ ਤੋਂ ਬਾਹਰ ਰੱਖਣ ਲਈ ਵਚਨਬੱਧ ਹਾਂ।
