ਕੈਨੇਡਾ : ਕਿਊਬਿਕ ''ਚ ਲੱਗਾ ਕਰਫਿਊ, ਰਾਤ 8 ਵਜੇ ਤੋਂ ਬਾਹਰ ਨਿਕਲਣਾ ਬੰਦ

Sunday, Jan 10, 2021 - 11:40 AM (IST)

ਕੈਨੇਡਾ : ਕਿਊਬਿਕ ''ਚ ਲੱਗਾ ਕਰਫਿਊ, ਰਾਤ 8 ਵਜੇ ਤੋਂ ਬਾਹਰ ਨਿਕਲਣਾ ਬੰਦ

ਮਾਂਟਰੀਅਲ- ਕਿਊਬਿਕ ਸੂਬੇ ਵਿਚ ਅਧਿਕਾਰਤ ਤੌਰ 'ਤੇ ਕਰਫਿਊ ਲਾਗੂ ਹੋ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਫਰੈਂਕੋਇਸ ਲੈਗਾਉਲਟ ਨੇ ਇਸ ਦਾ ਐਲਾਨ ਕੀਤਾ ਹੈ। ਇਹ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਇਹ ਕਰਫਿਊ ਲੱਗੇਗਾ ਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ। 

ਸੂਬੇ ਵਿਚ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ। ਰਾਤ ਨੂੰ ਕਰਫਿਊ ਲਾਉਣ ਦੀ ਵਜ੍ਹਾ ਇਹ ਹੈ ਕਿ ਬਹੁਤੇ ਪ੍ਰੋਗਰਾਮ ਜਾਂ ਪਾਰਟੀਆਂ ਰਾਤ ਸਮੇਂ ਆਯੋਜਿਤ ਹੁੰਦੀਆਂ ਹਨ ਅਤੇ ਇਨ੍ਹਾਂ ਵਿਚ ਲੋਕਾਂ ਵਲੋਂ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਜਿਸ ਕਾਰਨ ਵਾਇਰਸ ਦੇ ਪ੍ਰਸਾਰ ਦਾ ਜ਼ੋਖ਼ਮ ਵੱਧ ਜਾਂਦਾ ਹੈ। 

8 ਫਰਵਰੀ ਤੱਕ ਰਹੇਗਾ ਲਾਗੂ-
ਕਿਊਬਿਕ ਵਿਚ ਰਾਤ ਦਾ ਕਰਫਿਊ 8 ਫਰਵਰੀ ਤੱਕ ਹਰ ਰੋਜ਼ ਲੱਗੇਗਾ। ਉੱਥੇ ਹੀ ਇਸ ਨੂੰ ਲੈ ਕੇ ਮਾਂਟਰੀਅਲ ਦੇ ਲੋਕਾਂ ਨੇ ਚਿੰਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਅਕਸਰ ਵਿਸ਼ੇਸ਼ ਵਰਗ ਦੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਅਤੇ ਇਸ ਨਾਲ ਹੋਰ ਪਰੇਸ਼ਾਨੀ ਵਧਣ ਦਾ ਖ਼ਦਸ਼ਾ ਹੈ। ਹਾਲਾਂਕਿ ਸ਼ਹਿਰ ਦੇ ਕੌਂਸਲਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਪੁਲਸ ਵਲੋਂ ਰਾਤ ਦੀ ਡਿਊਟੀ ਵਾਲੇ ਲੋਕਾਂ ਨੂੰ ਤੰਗ-ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਕਰਫਿਊ ਦੇ ਸਮੇਂ ਦੌਰਾਨ ਘਰੋਂ ਬਾਹਰ ਹੋਣ ਦਾ ਕੋਈ ਸਹੀ ਕਾਰਨ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬੇਘਰੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦਾ ਜੁਰਮਾਨਾ ਨਹੀਂ ਲਾਇਆ ਜਾਵੇਗਾ। 

ਉੱਥੇ ਹੀ ਨਰਸ ਨਵੀਦ ਹੁਸੈਨ ਨੇ ਕਰਫਿਊ ਨੂੰ ਲੈ ਕੇ ਚਿੰਤਾ ਜਤਾਉਂਦਿਆਂ ਕਿਹਾ ਕਿ ਘੱਟ ਗਿਣਤੀ ਲੋਕਾਂ ਖ਼ਿਲਾਫ਼ ਪੁਲਸ ਦੀ ਧੱਕੇਸ਼ਾਹੀ ਵਧੇਗੀ। ਉਨ੍ਹਾਂ ਕਿਹਾ ਕਿ ਡਰ ਹੈ ਕਿ ਪੁਲਸ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਧੱਕੇ ਨਾਲ ਜੁਰਮਾਨੇ ਠੋਕੇਗੀ ਅਤੇ ਕਈ ਸਵਾਲ-ਜਵਾਬ ਤੰਗ-ਪਰੇਸ਼ਾਨ ਲਈ ਕਰ ਸਕਦੀ ਹੈ। 


author

Lalita Mam

Content Editor

Related News