ਕਿਊਬਿਕ : ਕੋਰੋਨਾ ਕਾਰਨ ਲੋਕਾਂ ਨੂੰ ਇਕ ਮਹੀਨੇ ਤੱਕ ਇਹ ਕੰਮ ਨਾ ਕਰਨ ਦੀ ਸਲਾਹ

09/26/2020 12:14:54 PM

ਮਾਂਟਰੀਅਲ- ਕਿਊਬਿਕ ਸਿਹਤ ਮੰਤਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਲਈ ਲਗਭਗ 28 ਦਿਨਾਂ ਤੱਕ ਲੋਕ ਸਮਾਜਕ ਮੇਲ-ਮਿਲਾਪ ਬੰਦ ਕਰ ਦੇਣ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਮੰਤਰੀ ਕ੍ਰਿਸਟਾਇਨ ਡੁਬੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 70 ਹਜ਼ਾਰ ਤੋਂ ਪਾਰ ਹੋ ਗਈ ਹੈ ਤੇ ਬੀਤੇ ਦਿਨਾਂ ਤੋਂ ਮਾਮਲੇ ਵਧਣ ਵਿਚ ਤੇਜ਼ੀ ਆਈ ਹੈ। ਬੀਤੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਸੀ ਕਿ ਕੈਨੇਡਾ ਦੇ 4 ਵੱਡੇ ਸੂਬਿਆਂ ਵਿਚ ਕੋਰੋਨਾ ਦਾ ਦੂਜਾ ਦੌਰ ਸ਼ੁਰੂ ਹੋ ਚੁੱਕਾ ਹੈ, ਜਿਸ ਵਿਚੋਂ ਕਿਊਬਿਕ ਸੂਬਾ ਵੀ ਇਕ ਹੈ। 

ਵੀਰਵਾਰ ਨੂੰ ਡੁਬੇ ਨੇ ਕਿਹਾ ਕਿ ਲੋਕ ਬਾਹਰ ਖਾਣਾ ਖਾਣ, ਪਾਰਟੀਆਂ ਕਰਨ ਤੇ ਹੋਰ ਤਰੀਕਿਆਂ ਨਾਲ ਦੋਸਤਾਂ-ਮਿੱਤਰਾਂ ਨੂੰ ਮਿਲਣਾ ਘਟਾ ਦੇਣ। ਉਨ੍ਹਾਂ ਕਿਹਾ ਕਿ ਜੇਕਰ ਲੋਕ ਮਿਲ ਕੇ ਸਹਿਯੋਗ ਕਰਨਗੇ ਤਾਂ ਹੀ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਇਕ ਪ੍ਰਸ਼ਨ ਦੇ ਉੱਤਰ ਵਿਚ ਕਿਹਾ ਕਿ ਜੇਕਰ ਰੈਸਟੋਰੈਂਟਾਂ ਕਾਰਨ ਖਤਰਾ ਨਹੀਂ ਵੱਧ ਰਿਹਾ ਤਾਂ ਇਨ੍ਹਾਂ ਨੂੰ ਬੰਦ ਹੀ ਰੱਖਿਆ ਜਾਵੇਗਾ। 

ਕਿਊਬਿਕ ਸਿਹਤ ਅਧਿਕਾਰੀਆਂ ਮੁਤਾਬਕ 637 ਹੋਰ ਮਾਮਲੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 70,307 ਹੋ ਗਈ ਹੈ। ਹੋਰ 4 ਲੋਕਾਂ ਦੀ ਮੌਤ ਹੋਣ ਨਾਲ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 5,814 ਹੋ ਗਈ ਹੈ। 


Lalita Mam

Content Editor

Related News