ਪੁਤਿਨ 'ਤੇ ਹੁਣ ਉਮਰ ਭਰ ਨਹੀਂ ਹੋਵੇਗਾ ਕੋਈ ਮੁਕੱਦਮਾ, ਬਣਿਆ ਇਹ ਕਾਨੂੰਨ
Wednesday, Dec 23, 2020 - 10:55 PM (IST)
ਮਾਸਕੋ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਉਸ ਬਿੱਲ 'ਤੇ ਦਸਤਖ਼ਤ ਕੀਤੇ ਜੋ ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਜੀਵਨ ਭਰ ਉਨ੍ਹਾਂ ਨੂੰ ਮੁਕੱਦਮਿਆਂ ਅਤੇ ਕਾਨੂੰਨੀ ਉਲਝਣਾਂ ਤੋਂ ਬਚਾਏ ਰੱਖੇਗਾ। ਰੂਸ ਦੇ ਸਾਰੇ ਰਾਜ ਨੇਤਾਵਾਂ ਨੇ ਇਸ ਬਿਲ ਦਾ ਸਮਰਥਨ ਕੀਤਾ ਸੀ।
ਇਹ ਬਿੱਲ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਜੀਵਨਕਾਲ ਦੌਰਾਨ ਕੀਤੇ ਗਏ ਅਪਰਾਧਾਂ ਲਈ ਵੀ ਕਾਨੂੰਨੀ ਕਾਰਵਾਈ ਤੋਂ ਬਚਾਏਗਾ। ਇੰਨਾ ਹੀ ਨਹੀਂ ਇਸ ਕਾਨੂੰਨ ਤਹਿਤ ਉਨ੍ਹਾਂ ਨੂੰ ਪੁਲਸ ਜਾਂ ਜਾਂਚ ਕਰਤਾਵਾਂ ਦੀ ਪੁੱਛ-ਪੜਤਾਲ ਅਤੇ ਨਾਲ ਹੀ ਗ੍ਰਿਫਤਾਰੀ ਤੋਂ ਵੀ ਛੋਟ ਮਿਲੇਗੀ।
ਇਹ ਕਾਨੂੰਨ ਇਸ ਸਾਲ ਗਰਮੀਆਂ ਵਿਚ ਕੀਤੀਆਂ ਗਈਆਂ ਸੰਵਿਧਾਨਕ ਸੋਧਾਂ ਦਾ ਹਿੱਸਾ ਹੈ, ਜਿਸ ਤਹਿਤ 68 ਸਾਲਾ ਪੁਤਿਨ 2036 ਤੱਕ ਰੂਸ ਦੇ ਰਾਸ਼ਟਰਪਤੀ ਬਣੇ ਰਹਿ ਸਕਦੇ ਹਨ। ਨਵੇਂ ਕਾਨੂੰਨ ਮੁਤਾਬਕ, ਸਾਬਕਾ ਰਾਸ਼ਟਰਪਤੀਆਂ ਨੂੰ ਉਮਰ ਭਰ ਸੰਸਦ ਵਿਚ ਇਕ ਸੀਟ ਮਿਲੀ ਰਹੇਗੀ, ਜਿਸ ਨਾਲ ਉਹ ਕਾਰਜਕਾਲ ਛੱਡਣ ਤੋਂ ਬਾਅਦ ਵੀ ਰਹਿੰਦੀ ਉਮਰ ਤੱਕ ਮੁਕੱਦਮੇ ਤੋਂ ਬਚੇ ਰਹਿਣਗੇ।
ਇਸ ਸਮੇਂ ਸਿਰਫ ਰੂਸ ਦੇ ਇਕ ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਜੀਵਤ ਹਨ, ਜਿਨ੍ਹਾਂ ਨੂੰ ਪੁਤਿਨ ਨਾਲ ਨਵੇਂ ਕਾਨੂੰਨ ਦਾ ਲਾਭ ਮਿਲੇਗਾ। ਦਮਿਤਰੀ ਪੁਤਿਨ ਦੇ ਸਹਿਯੋਗੀ ਹਨ। ਨਵੇਂ ਕਾਨੂੰਨ ਤਹਿਤ ਰੂਸ ਦੇ ਸਾਬਕਾ ਰਾਸ਼ਟਰਪਤੀ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਦੇ ਲੋਕ ਵੀ ਪੁਲਸ ਜਾਂਚ ਅਤੇ ਪੁੱਛਗਿੱਛ ਦੇ ਦਾਇਰੇ ਵਿਚੋਂ ਬਾਹਰ ਹੋ ਗਏ ਹਨ, ਨਾਲ ਹੀ ਉਨ੍ਹਾਂ ਲੋਕਾਂ ਦੀ ਜਾਇਦਾਦ ਜ਼ਬਤ ਨਹੀਂ ਕੀਤੀ ਜਾ ਸਕਦੀ। ਗੌਰਤਲਬ ਹੈ ਕਿ ਪੁਤਿਨ ਸਾਲ 2000 ਤੋਂ ਹੀ ਰੂਸ ਦੀ ਸੱਤਾ ਵਿਚ ਹਨ। ਉਹ 68 ਸਾਲ ਦੇ ਹਨ ਅਤੇ ਉਨ੍ਹਾਂ ਦਾ ਚੌਥਾ ਕਾਰਜਕਾਲ 2024 ਵਿਚ ਪੂਰਾ ਹੋ ਰਿਹਾ ਹੈ। ਹਾਲਾਂਕਿ, ਸੰਵਧਿਨਾਕ ਸੋਧ ਤੋਂ ਬਾਅਦ ਉਹ 6-6 ਸਾਲਾਂ ਦੇ ਦੋ ਹੋਰ ਕਾਰਜਕਾਲ ਪੂਰੇ ਕਰ ਸਕਦੇ ਹਨ।