ਆਸਟਰੇਲੀਆ ਦੀ ਸਰਕਾਰ ਨੇ ''ਕੌਮੀ ਦਿਹਾੜੇ'' ਮੌਕੇ ਪੰਜਾਬੀਆਂ ਨੂੰ ਵੰਡੇ ਨਾਗਰਿਕਤਾ ਦੇ ਖੁੱਲ੍ਹੇ ਗੱਫੇ

01/27/2017 2:27:27 PM

ਮੈਲਬੌਰਨ— ਵੀਰਵਾਰ 26 ਜਨਵਰੀ ਨੂੰ ਪੂਰੇ ਆਸਟਰੇਲੀਆ ''ਚ ਦੇਸ਼ ਦਾ ਕੌਮੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ''ਤੇ ਦੇਸ਼ ''ਚ ਵੱਖ-ਵੱਖ ਥਾਂਵਾਂ ''ਤੇ ਕਈ ਸਮਾਰੋਹਾਂ ਅਤੇ ਪਰੇਡਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ''ਚ ਦੇਸ਼ ਵਾਸੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਤੋਂ ਇਲਾਵਾ ਇਸ ਖਾਸ ਮੌਕੇ ''ਤੇ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਆਸਟਰੇਲੀਆ ''ਚ ਆ ਕੇ ਵੱਸੇ ਲੋਕਾਂ ਨੂੰ ਦੇਸ਼ ਦੀ ਨਾਗਰਿਕਤਾ ਵੀ ਪ੍ਰਦਾਨ ਕੀਤੀ ਗਈ। ਇਸ ਸੰਬੰਧ ''ਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ''ਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ''ਚ ਕਰੀਬ 16000 ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ। 
ਨਾਗਰਿਕਤਾ ਪ੍ਰਾਪਤ ਕਰਨ ਵਾਲਿਆਂ ''ਚ ਵੱਡੀ ਗਿਣਤੀ ''ਚ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਸਨ। ਆਸਟਰੇਲੀਆ ਦੇ ਸਭ ਤੋਂ ਖਾਸ ਦਿਨ ਦੇ ਮੌਕੇ ''ਤੇ ਆਸਟਰੇਲੀਆ ਦੇ ਨਾਗਰਿਕ ਬਣਨ ''ਤੇ ਇਨ੍ਹਾਂ ਲੋਕਾਂ ਦੀ ਖ਼ੁਸ਼ੀ ਦੀ ਕੋਈ ਹੱਦ ਹੀ ਨਾ ਰਹੀ। ਆਪਣੀ ਖ਼ੁਸ਼ੀ ਨੂੰ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੇ ਦੱਸਿਆ ਕਿ ਆਪਣੇ ਦੇਸ਼ ਨੂੰ ਛੱਡ ਕੇ ਕਿਸੇ ਦੂਜੇ ਦੇਸ਼ ''ਚ ਵੱਸਣਾ ਅਤੇ ਉੱਥੋਂ ਦੇ ਨਾਗਰਿਕ ਬਣਨਾ ਕਾਫੀ ਔਖਾ ਕੰਮ ਹੁੰਦਾ ਹੈ। ਇੱਥੇ ਕਈ ਮੁਸ਼ਕਲਾਂ ਅਤੇ ਔਕੜਾਂ ਨੂੰ ਪਾਰ ਕਰਕੇ ਆਪਣੇ ਦਮ ''ਤੇ ਜ਼ਿੰਦਗੀ ਜਿਊਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ 26 ਜਨਵਰੀ ਦੇ ਮੌਕੇ ਆਸਟਰੇਲੀਆ ਦੇ ਨਾਗਰਿਕ ਬਣ ਕੇ ਉਹ ਹੁਣ ਤੱਕ ਕੀਤੇ ਗਏ ਸੰਘਰਸ਼ ਨੂੰ ਭੁੱਲ ਗਏ ਹਨ ਅਤੇ ਇਹ ਦਿਨ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਬਣ ਗਿਆ।

Related News