ਪੰਜਾਬੀ ਵਿਰਸਾ ਦਾ ਪਹਿਲਾ ਸ਼ੋਅ ਹੋਇਆ ਸੋਲਡ ਆਊਟ

08/23/2017 9:52:59 AM

ਟੌਰੰਗਾ(ਜ.ਬ.)— ਪੰਜਾਬੀ ਵਿਰਸਾ ਦਾ ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ 'ਚ ਹੋਇਆ ਪਹਿਲਾ ਸ਼ੋਅ ਦੋ ਦਿਨ ਪਹਿਲਾਂ ਹੀ ਸੋਲਡ ਆਊਟ ਹੋ ਗਿਆ ਸੀ।  ਇਸ ਸ਼ੋਅ ਦੀ ਵਿਲੱਖਣਤਾ ਇਹ ਸੀ ਕਿ ਵਾਰਿਸ ਭਰਾਵਾਂ ਨੇ ਕਮਰਸ਼ੀਅਲ ਗਾਇਕੀ ਦੇ ਨਾਲ-ਨਾਲ ਉੱਤਮ ਸ਼ਾਇਰੀ ਦੀ ਪੇਸ਼ਕਾਰੀ ਵੀ ਦਿਲ ਨਾਲ ਕੀਤੀ।
ਸਟੇਜ 'ਤੇ ਆਉਂਦਿਆ ਹੀ ਤਿੰਨਾਂ ਭਰਾਵਾਂ ਨੇ ਸਭ ਤੋਂ ਪਹਿਲਾਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕਿਸਾਨਾਂ ਦੀਆਂ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਦੇ ਦੁਖਾਂਤ ਦੇ ਦਰਦ ਨੂੰ ਬਿਆਨਦਾ ਗੀਤ 'ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦੀਆਂ ਰੱਸੀਆਂ ਕਿਸਾਨ ਖਾ ਲਿਆ' ਪੇਸ਼ ਕੀਤਾ। ਬਾਅਦ 'ਚ ਸੰਗਤਾਰ ਨੇ ਮਾਈਕ ਸੰਭਾਲਿਆ ਤੇ ਹਾਜ਼ਰੀਨ ਨਾਲ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕਰਦਿਆਂ ਗੀਤ ਪੇਸ਼ ਕੀਤਾ, ਇਸ ਤੋਂ ਬਾਅਦ ਵਾਰੀ ਆਈ ਕਮਲ ਹੀਰ ਦੀ, ਕਮਲ ਨੇ ਉਤੋ-ਥਲੀ ਸੱਤ-ਅੱਠ ਗੀਤ ਗਾਏ, ਜਿਨ੍ਹਾਂ 'ਚ 'ਮੇਰਾ ਦਿਲ ਨਹੀਂ ਮੰਨਦਾ', ' ਜੱਟ ਪੂਰਾ ਦੇਸੀ ਸੀ', ਡਾਕਰ ਜ਼ਮੀਨ, ਕੈਂਠੇ ਵਾਲਾ', 'ਮਹੀਨਾ ਭੈੜਾ ਮਈ ਦਾ' ਸਮੇਤ ਬਹੁਤ ਸਾਰੇ ਨਵੇਂ ਤੇ ਪੁਰਾਣੇ ਗੀਤ ਗਾ ਕੇ ਹਾਜ਼ਰ ਸਰੋਤਿਆਂ ਨੂੰ ਕੀਲਿਆ। ਸ਼ੋਅ ਦੇ ਅਖੀਰ 'ਚ ਵਾਰੀ ਆਈ ਆਪਣੀ ਬੁਲੰਦ ਆਵਾਜ਼ ਨਾਲ 'ਖਾਧੀਆਂ ਖੁਰਾਕਾਂ ਕੰਮ ਆਉਣੀਆਂ' 'ਧੀਆਂ ਬਚਾਓ, ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ' ਆਦਿ ਸਹਿਤਕ ਤੇ ਸੱਭਿਆਚਾਰਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਣ ਵਾਲੇ ਤੇ ਪੰਜਾਬੀ ਲੋਕ ਗਾਇਕੀ ਦੇ ਵਾਰਿਸ ਕਹਾਉਂਦੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਦੀ।
ਸਟੇਜ ਸੰਭਾਲਣ ਤੋਂ ਬਾਅਦ ਮਨਮੋਹਨ ਵਾਰਿਸ ਨੇ ਆਪਣਾ ਨਵਾਂ ਗੀਤ 'ਮਾਂ ਬੁਲਾਉਂਦੀ ਆ' ਗਾਇਆ ਉਸ ਤੋਂ ਬਾਅਦ 'ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ', 'ਚੀਨਾ ਜੱਟ ਦਾ ਬਨੇਰੇ 'ਤੇ, 'ਸੱਜਣਾ ਦੀ ਫੁੱਲਕਾਰੀ ਦੇ, 'ਸੱਚ ਨਹੀਂ ਦੱਸਦੀ, ਸਮੇਤ ਹੋਰ ਕਈ ਨਵੇਂ ਤੇ ਪੁਰਾਣੇ ਗੀਤਾਂ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ। ਇਸ ਮੌਕੇ ਸ਼ੋਅ ਦੇ ਪ੍ਰਬੰਧਕ ਸ਼ਿੰਦਰ ਸਮਰਾ, ਹਰਜੀਤ ਰਾਏ, ਮਨਜਿੰਦਰ ਸਹੋਤਾ, ਭਿੰਦਾ ਪਾਸਲਾ, ਰਾਜਵਿੰਦਰ ਸਿੰਘ ਤੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਵਿਸ਼ੇਸ਼ ਰੂਪ 'ਚ ਸ਼ਾਮਲ ਸਨ।


Related News