ਕੈਲਗਰੀ 'ਚ ਪੰਜਾਬੀ ਸਰੀਰਕ ਸ਼ੋਸ਼ਣ ਦਾ ਦੋਸ਼ੀ ਕਰਾਰ
Saturday, Jul 06, 2019 - 11:12 PM (IST)

ਕੈਲਗਰੀ— ਕੈਲਗਰੀ ਦੇ ਇਕ ਮੋਟਲ 'ਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਅਦਾਲਤ ਨੇ ਸਰੀਰਕ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ 28 ਸਾਲਾ ਜਤਿੰਦਰ ਬਰਾੜ ਨੇ ਪਿਛਲੇ ਮਹੀਨੇ ਅਦਾਲਤ ਨੂੰ ਸੁਣਵਾਈ ਦੌਰਾਨ ਦੱਸਿਆ ਸੀ ਕਿ ਉਸ ਨੇ ਮੋਟਲ 'ਚ ਰੁਕੀ ਇਕ ਔਰਤ ਨਾਲ ਜਿਸਮਾਨੀ ਸਬੰਧ ਉਸ ਦੀ ਸਹਿਮਤੀ ਨਾਲ ਬਣਾਏ ਸਨ।
ਅਕਤੂਬਰ, 2017 'ਚ ਇਹ ਘਟਨਾ ਹੋਈ ਸੀ। ਜਤਿੰਦਰ ਬਰਾੜ ਕੈਲਗਰੀ ਦੇ ਸ਼ਨੁੱਕ ਸਟੇਸ਼ਨ ਦੇ 'ਕੈਨੇਡਾਜ਼ ਬੈਸਟ ਵੈਲਿਊ ਇਨ' 'ਚ ਰਾਤ ਦੀ ਡਿਊਟੀ 'ਤੇ ਸੀ ਤੇ ਉਸ ਦੇ ਡੈਸਕ 'ਤੇ ਇਸ ਔਰਤ ਦਾ ਫੋਨ ਨੰਬਰ ਲਿਖਿਆ ਪਿਆ ਸੀ। ਉਸ ਨੇ ਇਸ ਨੰਬਰ ਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਅਸਲ 'ਚ ਉਹ ਕੋਈ ਹੋਰ ਵਿਅਕਤੀ ਬਣ ਕੇ ਇਸ ਔਰਤ ਨੂੰ ਉਸ ਦੇ ਫੋਨ 'ਤੇ ਮੈਸੇਜ ਭੇਜ ਰਿਹਾ ਸੀ ਤੇ ਉਸ ਨੇ ਮੈਸੇਜ ਭੇਜਣ ਵਾਲੇ ਵਿਅਕਤੀ ਨੂੰ ਆਪਣਾ ਦੋਸਤ ਸਮਝ ਕੇ ਉੱਥੇ ਸੱਦ ਲਿਆ ਤੇ ਉਸ ਨਾਲ ਸਰੀਰਕ ਸਬੰਧ ਬਣਾ ਲਏ। ਇਸ ਦੌਰਾਨ ਬਰਾੜ ਨੇ ਸ਼ੈਤਾਨੀ ਕਰਦਿਆਂ ਉਸ ਔਰਤ ਨੂੰ ਮੈਸੇਜ ਭੇਜ ਕੇ ਕਿਹਾ ਸੀ ਕਿ ਉਹ ਅੱਖਾਂ ਬੰਨ੍ਹ ਲਵੇ ਅਤੇ ਦਰਵਾਜ਼ਾ ਖੁੱਲ੍ਹਾ ਰੱਖੇ ਤੇ ਉਹ ਉਸੇ ਤਰ੍ਹਾਂ ਸਰੀਰਕ ਸਬੰਧ ਬਣਾਉਣਗੇ। ਔਰਤ ਨੇ ਅਜਿਹਾ ਹੀ ਕੀਤਾ ਤੇ ਮਗਰੋਂ ਪਤਾ ਲੱਗਾ ਕਿ ਉਹ ਵਿਅਕਤੀ ਉਸ ਦਾ ਅਸਲ ਮਿੱਤਰ ਨਹੀਂ ਸੀ। ਅਦਾਲਤ ਨੇ ਹੁਣ ਜਤਿੰਦਰ ਬਰਾੜ ਨੂੰ ਸਰੀਰਕ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਹੈ ਤੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ।